ਕੈਪਟਨ ਭਾਜਪਾ ‘ਚ ਕਿਉਂ ਗਏ? ਇਸ ਦਾ ਭਾਜਪਾ ਨੂੰ ਕੀ ਫਾਇਦਾ?

ਕੈਪਟਨ ਭਾਜਪਾ ‘ਚ ਕਿਉਂ ਗਏ? ਇਸ ਦਾ ਭਾਜਪਾ ਨੂੰ ਕੀ ਫਾਇਦਾ?

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਪੰਜਾਬ ਦੇ ਸਾਬਕਾ ਮੁਖ ਮੰਤਰੀ ਅਤੇ ਤੇਜ ਤਰਾਰ ਨੇਤਾ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਵੀ ਭਾਜਪਾ ‘ਚ ਰਲੇਵਾਂ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਕੈਪਟਨ ਦੇ ਕਰੀਅਰ ‘ਚ ਦੂਜਾ ਮੌਕਾ ਆਇਆ ਹੈ, ਜਦੋਂ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਕਿਸੇ ਹੋਰ ਪਾਰਟੀ ‘ਚ ਰਲੇਵਾਂ ਕਰ ਲਿਆ ਹੈ। ਇਸ ਦਾ ਹੁਣ ਕੀ ਮਤਲਬ ਹੈ ਅਤੇ ਕੈਪਟਨ ਤੇ ਭਾਜਪਾ ਨੂੰ ਕੀ ਫਾਇਦਾ? ਆਓ ਇਸ ਨੂੰ ਸਮਝੀਏ।

ਸਭ ਤੋਂ ਪਹਿਲਾਂ ਸਮਝਦੇ ਹਾਂ ਕੀ ਕੈਪਟਨ ਭਾਜਪਾ ‘ਚ ਕਿਉਂ ਗਏ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਰਾਹੀਂ ਉਹ ਆਪਣੀ ਸਿਆਸੀ ਮੌਜੂਦਗੀ ਬਰਕਰਾਰ ਰੱਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਅਤੇ ਪੋਤੇ-ਪੋਤੀਆਂ ਦੇ ਪੈਰ ਪੰਜਾਬ ਦੀ ਸਿਆਸਤ ਵਿੱਚ ਪੱਕੇ ਹੋਣ। ਕੈਪਟਨ ਨੇ ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਹੈ ਜਦੋਂ ਆਪ ਨੇ ਪੰਜਾਬ ਦੀਆਂ 92 ਸੀਟਾਂ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਅਤੇ ਆਮ ਆਦਮੀ ਪਾਰਟੀ ਅਗਲੇ ਕੁਝ ਸਾਲਾਂ ਤੱਕ ਮਜ਼ਬੂਤ ਸਥਿਤੀ ਵਿੱਚ ਨਜ਼ਰ ਆ ਰਹੀ ਹੈ। ਜਦ ਕਿ ਕਾਂਗਰਸ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ।

ਹੁਣ ਗੱਲ ਕਰਦੇ ਹਾਂ ਭਾਜਪਾ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਕੀ ਫਾਇਦਾ ਤਾਂ ਸੂਤਰਾਂ ਮੁਤਾਬਕ ਸੰਭਾਵਨਾ ਹੈ ਕਿ ਕੈਪਟਨ ਨੂੰ ਜਲਦ ਹੀ ਰਾਜ ਸਭਾ ‘ਚ ਭੇਜਿਆ ਜਾ ਸਕਦਾ ਹੈ। ਭਾਜਪਾ ਵਾਂਗ ਕੈਪਟਨ ਦਾ ਦੇਸ਼ ਪ੍ਰੇਮ ਅਤੇ ਰਾਸ਼ਟਰਵਾਦੀ ਸੋਚ ਗਾਂਧੀ ਪਰਿਵਾਰ ਅਤੇ ਆਪ ਵਿਰੁੱਧ ਭਾਜਪਾ ਦੀ ਆਵਾਜ਼ ਬਣ ਸਕਦੀ ਹੈ। ਇਸ ਦੇ ਨਾਲ ਹੀ ਭਾਜਪਾ ਉਨ੍ਹਾਂ ਨੂੰ ਇੱਕ ਅਜਿਹੇ ਚਿਹਰੇ ਵਜੋਂ ਪੇਸ਼ ਕਰਨਾ ਚਾਹੁੰਦੀ ਹੈ ਜੋ ਇਹ ਸਾਬਿਤ ਕਰੇਗਾ ਕਿ ਕਾਂਗਰਸ ਵਿੱਚ ਕੀ ਗਲਤ ਚਲ ਰਿਹਾ ਹੈ। ਇਸ ਦਾ ਮਤਲਬ ਭਾਜਪਾ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧਨ ਦੀ ਕੋਸ਼ਿਸ਼ ਕੀਤੀ ਹੈ।

ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਤੋਂ ਪਹਿਲਾਂ ਸਾਲ 1992 ਵਿੱਚ ਕੈਪਟਨ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੰਥਕ) ਦਾ ਗਠਨ ਕੀਤਾ ਸੀ। ਬਾਅਦ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਹੁਣ ਇਨ੍ਹਾਂ ਤਿੰਨ ਦਹਾਕਿਆਂ ਵਿੱਚ ਦੂਜੀ ਵਾਰ ਕੈਪਟਨ ਨੇ ਕੌਮੀ ਪਾਰਟੀ ਵੱਲ ਮੂੰਹ ਕਰਕੇ ਭਾਜਪਾ ਦਾ ਸਾਥ ਦਿੱਤਾ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੀਐਲਸੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੈਪਟਨ ਖੁਦ ਵੀ ਆਪਣੀ ਪਟਿਆਲਾ ਸੀਟ ਨਹੀਂ ਬਚਾ ਸਕੇ।

error: Content is protected !!