ਦਿੱਲੀ ਕਮੇਟੀ ਵੱਲੋਂ ਫਿਲਮ ‘ਜੋਗੀ’ ’ਚ ਅਹਿਮ ਭੂਮਿਕਾਵਾਂ ਨਿਭਾਉਣ ਵਾਲਿਆਂ ਦਾ ਕੀਤਾ ਗਿਆ ਸਨਮਾਨ

ਦਿੱਲੀ ਕਮੇਟੀ ਵੱਲੋਂ ਫਿਲਮ ‘ਜੋਗੀ’ ’ਚ ਅਹਿਮ ਭੂਮਿਕਾਵਾਂ ਨਿਭਾਉਣ ਵਾਲਿਆਂ ਦਾ ਕੀਤਾ ਗਿਆ ਸਨਮਾਨ

ਨਵੀਂ ਦਿੱਲੀ 27 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): 1984 ’ਚ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ’ਚ ਵਾਪਰੇ ਸਿੱਖਾਂ ਦੇ ਕਤਲ-ਕਾਂਡ ’ਤੇ ਨੂੰ ਦਰਸ਼ਾਉਂਦੀ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਜ ਦੀ ਫਿਲਮ ‘ਜੋਗੀ’ ਜਿਸ ਨੂੰ ਨੈਟਫਿਲਿਕਸ ’ਤੇ ਪਿਛਲੇ ਦਿਨੀਂ ਰਿਲੀਜ਼ ਕੀਤਾ ਗਿਆ ਸੀ, ਉਸ ’ਚ ਅਹਿਮ ਭੂਮਿਕਾਵਾਂ ਨਿਭਾਉਣ ਵਾਲੇ ਸਿੱਖ ਅਦਾਕਾਰਾਂ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਵੱਲੋਂ ਸਿਰੋਪਾ ਭੇਟ ਕਰਕੇ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਜਿਨ੍ਹਾਂ ਸਿੱਖ ਅਦਾਕਾਰਾਂ ਦਾ ਸਨਮਾਨ ਕੀਤਾ ਗਿਆ ਉਨ੍ਹਾਂ ’ਚ ਜੋਗੀ ਦੇ ਪਿਤਾ ਦਾ ਰੋਲ ਅਦਾ ਕਰਨ ਵਾਲੇ ਸ. ਅਰਵਿੰਦਰ ਸਿੰਘ ਗਿੱਲ, ਸ. ਕੰਵਲਪ੍ਰੀਤ ਸਿੰਘ (ਜੋਗੀ ਦੇ ਜੀਜਾ), ਸ. ਨਿਮਰਤ ਪ੍ਰਤਾਪ ਸਿੰਘ (ਜਵਾਨ ਜੋਗੀ), ਕਾਕਾ ਸਮਰਜੀਤ ਸਿੰਘ (ਪ੍ਰਭ ਦਾ ਰੋਲ ਕਰਨ ਵਾਲਾ), ਕਾਕਾ ਅਪਿੰਦਰਦੀਪ ਸਿੰਘ (ਜੋਗੀ ਦਾ ਭਰਾ ਸੁੱਖੀ) ਸ਼ਾਮਿਲ ਹੈ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਸ. ਵਿਕਰਮ ਸਿੰਘ ਰੋਹਿਣੀ, ਸ. ਹਰਜੀਤ ਸਿੰਘ ਪੱਪਾ, ਸ. ਗੁਰਮੀਤ ਸਿੰਘ ਭਾਟੀਆ, ਸ. ਜਸਪ੍ਰੀਤ ਸਿੰਘ ਜੱਸਾ ਆਦਿ ਵੀ ਮੌਜ਼ੂਦ ਸਨ।

ਪ੍ਰਧਾਨ ਕਾਲਕਾ ਨੇ ਕਿਹਾ ਕਿ ਫਿਲਮ ‘ਚ ਜੋਗੀ ਦੇ ਪਿਤਾ ਜਦੋਂ ਇਹ ਡਾਇਲੌਗ ਬੋਲਦਾ ਹੈ ਕਿ ‘ਹਮਾਰੀ ਤੋਂ ਆਦਤ ਹੈ ਉਖੜ ਕਰ ਫਿਰ ਸੇ ਖੜੇ ਹੋ ਜਾਨਾ’ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੰਦਾ ਹੈ। ਜਨਰਲ ਸਕੱਤਰ ਕਾਹਲੋਂ ਨੇ ਕਿਹਾ ਕਿ ਫਿਲਮ ਦੀ ਸ਼ੁਰੂਆਤ ’ਚ ਤ੍ਰਿਲੋਕਪੁਰੀ ਇਲਾਕੇ ’ਚ ਸਿੱਖਾਂ ਦਾ ਕਤਲੇਆਮ ਹੁੰਦਾ ਦਿਖਾਇਆ ਗਿਆ ਹੈ। 1984 ’ਚ ਸਿੱਖਾਂ ਨਾਲ ਹੋਏ ਕਤਲੇਆਮ ਨੂੰ ਦੇਖ ਕੇ ਹਰ ਕਿਸੇ ਦਾ ਰੋਮ-ਰੋਮ ਦਰਦ ਨਾਲ ਭਰ ਜਾਂਦਾ ਹੈ। ਸ. ਕਾਲਕਾ ਅਤੇ ਸ. ਕਾਹਲੋਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਹ ਫਿਲਮ ਜ਼ਰੂਰ ਦੇਖਣ ਤਾਂ ਕਿ ਸਾਡੀ ਅੱਜ ਦੀ ਪਨੀਰੀ ਨੂੰ ਵੀ ਪਤਾ ਚੱਲ ਸਕੇ ਕਿ 1984 ’ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕੌਮ ਨਾਲ ਕਿੰਨਾ ਵੱਡਾ ਜ਼ੁਲਮ ਆਪਣੇ ਹੀ ਮੁਲਕ ’ਚ ਕੀਤਾ ਗਿਆ ਸੀ।

error: Content is protected !!