ਪਟਿਆਲਾ ਦੇ ਮੇਅਰ ਅਤੇ 27 ਮੌਜੂਦਾ ਕੌਂਸਲਰਾਂ ਸਮੇਤ ਪੰਜਾਬ ਦੀਆਂ ਵੱਖ-ਵੱਖ ਵਿਧਾਨ ਸਭਾਵਾਂ ਦੇ ਦਿੱਗਜ ਆਗੂ ਅਤੇ ਸੈਂਕੜੇ ਵਰਕਰ ਭਾਜਪਾ ਵਿੱਚ ਹੋਏ ਸ਼ਾਮਲ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਇਸ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਅਤੇ ਠੋਸ ਤੇ ਨਿਰਣਾਇਕ ਫੈਸਲੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਭਾਜਪਾ ਹੈੱਡਕੁਆਰਟਰ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਭਾਜਪਾ ਪਰਿਵਾਰ ‘ਚ ਲਗਾਤਾਰ ਹੋ ਰਿਹਾ ਵਾਧਾ ਆਉਣ ਵਾਲੀਆਂ ਚੋਣਾਂ ‘ਚ ਜਨਤਾ ਵਲੋਂ ਭਾਜਪਾ ਨੂੰ ਮਿਲਣ ਵਾਲੀ ਹਮਾਇਤ ਦਾ ਪ੍ਰਤੱਖ ਸਬੂਤ ਹੈ।
ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਅਤੇ ਉਨ੍ਹਾਂ ਦੇ ਨਾਲ 27 ਮੌਜੂਦਾ ਕੌਂਸਲਰ, ਬਠਿੰਡਾ ਦਿਹਾਤੀ ਤੋਂ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ, ਫ਼ਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਕੈਪਟਨ ਐਮ.ਐਸ. ਬੇਦੀ, ਲੁਧਿਆਣਾ ਸ਼ਹਿਰੀ ਤੋਂ ਜ਼ਿਲ੍ਹਾ ਪ੍ਰਧਾਨ ਜਗਮੋਹਨ ਸ਼ਰਮਾ, ਲੁਧਿਆਣਾ ਦਿਹਾਤੀ ਤੋਂ ਜ਼ਿਲ੍ਹਾ ਪ੍ਰਧਾਨ ਸਤਿੰਦਰਪਾਲ ਸਿੰਘ ਗਿੱਲ, ਮਾਨਸਾ ਤੋਂ ਜ਼ਿਲ੍ਹਾ ਪ੍ਰਧਾਨ ਜੀਵਨ ਦਾਸ ਬਾਵਾ, ਪਟਿਆਲਾ ਸ਼ਹਿਰੀ ਤੋਂ ਜ਼ਿਲ੍ਹਾ ਪ੍ਰਧਾਨ ਕੇ.ਕੇ. ਮਲਹੋਤਰਾ, ਪਟਿਆਲਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਡਕਾਲਾ, ਬਰਨਾਲਾ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਬਰਾੜ, ਹੁਸ਼ਿਆਰਪੁਰ ‘ਤੋਂ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਰਾਏ ਪਾਸੀ, ਅੰਮਿ੍ਤਸਰ ਸ਼ਹਿਰੀ ਤੋਂ ਜ਼ਿਲ੍ਹਾ ਪ੍ਰਧਾਨ ਰਾਜੀਵ ਭਗਤ, ਗੁਰਦਾਸਪੁਰ 1 ਤੋਂ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ, ਗੁਰਦਾਸਪੁਰ 2 ਤੋਂ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਰੰਧਾਵਾ ਆਪਣੇ ਸੈਕੜੇ ਸਾਥੀਆਂ ਸਮੇਤ ਭਾਜਪਾ ਪਰਿਵਾਰ ਸ਼ਾਮਲ ਹੋਏ ਹਨ। ਸ਼ਰਮਾ ਨੇ ਸਾਰਿਆਂ ਨੂੰ ਭਾਜਪਾ ਪਰਿਵਾਰ ‘ਚ ਸ਼ਾਮਿਲ ਹੋਣ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਪਾਰਟੀ ‘ਚ ਉਨ੍ਹਾਂ ਨੂੰ ਬਣਦਾ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।
ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ‘ਡਿਜੀਟਲ ਇੰਡੀਆ’ ਨਾਅਰੇ ਤਹਿਤ ‘ਇੰਟਰਨੈੱਟ ਸਭ ਲਈ’ ਦੇ ਟੀਚੇ ਨੂੰ ਲੈ ਕੇ ਦੇਸ਼ ‘ਚ 5ਜੀ ਇੰਟਰਨੈੱਟ ਸੇਵਾ ਸ਼ੁਰੂ ਕਰਨ ‘ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਦੇ 10 ਵੱਡੇ ਸ਼ਹਿਰਾਂ ‘ਚ 5G ਇੰਟਰਨੈਟ ਸੇਵਾ ਸ਼ੁਰੂ ਕਰਕੇ ਇੱਕ ਬਹੁਤ ਹੀ ਸ਼ਾਨਦਾਰ ਤੋਹਫ਼ਾ ਦਿੱਤਾ ਗਿਆ ਹੈ। ਇਸ ਨਾਲ ਦੇਸ਼ ਵਿੱਚ ਤਰੱਕੀ ਦਾ ‘ਇਨਕਲਾਬ’ ਵੀ ਆਵੇਗਾ ਅਤੇ ਦੇਸ਼ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਵੇਗੀ। ਸ਼ਰਮਾ ਨੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਸਾਰੇ ਨਵੇਂ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਵੇਂ ਵਰਕਰਾਂ ਦਾ ਵੀ ਸੰਗਠਨ ਵਿੱਚ ਪੁਰਾਣੇ ਵਰਕਰਾਂ ਵਾਂਗ ਹੀ ਅਧਿਕਾਰ ਹੈ। ਪੰਜਾਬ ਦੀ ਮੌਜੂਦਾ ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਚੁੱਕੀ ਹੈ ਅਤੇ ‘ਆਪ’ ਸਰਕਾਰ ਪੰਜਾਬ ਨੂੰ ਕਾਲੇ ਦੌਰ ‘ਚ ਧੱਕਣ ‘ਤੇ ਤੁਲੀ ਹੋਈ ਹੈ, ਪਰ ਭਾਰਤੀ ਜਨਤਾ ਪਾਰਟੀ ਇਨ੍ਹਾਂ ਨੂੰ ਆਪਣੇ ਮਨਸੂਬੇ ‘ਚ ਕਾਮਯਾਬ ਨਹੀਂ ਹੋਣ ਦੇਵੇਗੀ।
ਜਦੋਂ ਤੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਹੈ, ਪੰਜਾਬ ਨੂੰ ਕਮਜ਼ੋਰ ਕਰਨ ਲਈ ਤਿਆਰ ਵੱਖਵਾਦੀ ਤਾਕਤਾਂ ਸੂਬੇ ਵਿੱਚ ਸਰਗਰਮ ਹੋ ਗਈਆਂ ਹਨ। ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸੰਵੇਦਨਸ਼ੀਲਤਾ, ਸੂਬੇ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਕੋਈ ਨਹੀਂ ਸਮਝ ਸਕਦਾ। ਕੈਪਟਨ ਅਮਰਿੰਦਰ ਸਿੰਘ ਦੇ ਰਾਜ ਚਲਾਉਣ ਅਤੇ ਲੋਕਾਂ ਨੂੰ ਸਮਝਣ ਦਾ ਅਨੁਭਵ ਭਾਜਪਾ ਲਈ ਬਹੁਤ ਲਾਹੇਵੰਦ ਹੋਵੇਗਾ। ਕੈਪਟਨ ਦੀ ਅਗਵਾਈ ਹੇਠ ਭਾਜਪਾ ਅਰਾਜਕਤਾਵਾਦੀ ਅਤੇ ਵੱਖਵਾਦੀ ਤੱਤਾਂ ਨਾਲ ਲੜਨ ਦੇ ਬਹੁਤ ਸਮਰੱਥ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਸਭ ਦੇ ਸਾਹਮਣੇ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅਸ਼ਵਨੀ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹਫੜਾ-ਦਫੜੀ ਅਤੇ ਹਾਲਾਤ ਵਿਗੜਨ ਪਿੱਛੇ ਪਾਕਿਸਤਾਨ ਦਾ ਹੱਥ ਹੈ। ਅੱਜ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਪੰਜਾਬ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜੇ ਜਾ ਰਹੇ ਹਨ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪਰ ਭਗਵੰਤ ਮਾਨ ਸਰਕਾਰ ਇਸ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਕੈਪਟਨ ਨੇ ਕਿਹਾ ਕਿ ਸਾਰਿਆਂ ਨੂੰ ਪਾਕਿਸਤਾਨ ਦੇ ਇਰਾਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਇੱਥੇ ਪੰਜਾਬ ਵਿਚ ਰਹਿਣਾ ਹੈ ਅਤੇ ਇਸ ਲਈ ਪੰਜਾਬ ਦੇ ਭਵਿੱਖ ਨੂੰ ਸੰਵਾਰਨਾ ਅਤੇ ਸੰਭਾਲਣਾ ਸਾਡੀ ਸਬ ਦੀ ਜ਼ਿੰਮੇਵਾਰੀ ਹੈ। ਇਸ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।
ਇਸ ਮੌਕੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਬੀਬਾ ਜੈਇੰਦਰ ਕੌਰ, ਕਮਲਦੀਪ ਸੈਣੀ, ਸੰਜੀਵ ਸ਼ਰਮਾ ਬਿੱਟੂ, ਸਚਿਨ ਸ਼ਰਮਾ, ਵਿਸ਼ਵਾਸ ਸ਼ਰਮਾ, ਕੇ.ਕੇ. ਮਲਹੋਤਰਾ, ਹਰਮੇਸ਼ ਡਕਾਲਾ, ਅਨੁਜ ਖੋਸਲਾ, ਸੁਰਿੰਦਰ ਘੁੰਮਣ ਅਤੇ ਕੇ.ਕੇ. ਸ਼ਰਮਾ ਆਦਿ ਹਾਜ਼ਰ ਸਨ।