ਪਿਟਬੁੱਲ ਕੁੱਤੇ ਨੇ ਪੰਜ ਪਿੰਡਾਂ ਵਿਚ 15 ਘੰਟੇ ਮਚਾਈ ਰੱਖੀ ਦਹਿਸ਼ਤ, 12 ਲੋਕਾਂ ਨੂੰ ਕੀਤਾ ਗੰਭੀਰ ਜ਼ਖਮੀ, ਬਜ਼ੁਰਗ ਦੇ ਸਿਰ ਵਿਚ ਲੱਗੇ 17 ਟਾਂਕੇ, ਅਖੀਰ ਕੁੱਤੇ ਨੂੰ ਮਾਰ ਕੇ ਬਚਾਉਣੀਆਂ ਪਈਆਂ ਜਾਨਾਂ

ਪਿਟਬੁੱਲ ਕੁੱਤੇ ਨੇ ਪੰਜ ਪਿੰਡਾਂ ਵਿਚ 15 ਘੰਟੇ ਮਚਾਈ ਰੱਖੀ ਦਹਿਸ਼ਤ, 12 ਲੋਕਾਂ ਨੂੰ ਕੀਤਾ ਗੰਭੀਰ ਜ਼ਖਮੀ, ਬਜ਼ੁਰਗ ਦੇ ਸਿਰ ਵਿਚ ਲੱਗੇ 17 ਟਾਂਕੇ, ਅਖੀਰ ਕੁੱਤੇ ਨੂੰ ਮਾਰ ਕੇ ਬਚਾਉਣੀਆਂ ਪਈਆਂ ਜਾਨਾਂ


ਗੁਰਦਾਸਪੁਰ (ਵੀਓਪੀ ਬਿਊਰੋ) ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਇਲਾਕੇ ਵਿਚ ਇਕ ਪਿਟਬੁੱਲ ਕੁੱਤੇ ਨੇ 15 ਘੰਟੇ ਦਹਿਸ਼ਤ ਫੈਲਾਈ ਰੱਖੀ। ਪੰਜ ਪਿੰਡਾਂ ਦੇ ਲੋਕਾਂ ਨੂੰ ਜਾਨ ਦੇ ਲਾਲੇ ਪਏ ਰਹੇ। ਕਈ ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਅਖੀਰ ਕੁੱਤੇ ਨੂੰ ਮਾਰ ਮੁਕਾ ਕੇ ਜਾਨਾਂ ਬਚਾਉਣੀਆਂ ਪਈਆਂ। ਕੁੱਤੇ ਵੱਲੋਂ ਜ਼ਖ਼ਮੀ ਕੀਤੇ ਗਏ ਬਜ਼ੁਰਗ ਦੇ ਸਿਰ ਵਿਚ 17 ਟਾਂਕੇ ਲੱਗੇ।

ਜਾਣਕਾਰੀ ਅਨੁਸਾਰ ਰਾਤ ਪਿੰਡ ਤੰਗੋਸ਼ਾਹ ਤੋਂ ਸ਼ੁਰੂ ਹੋਇਆ ਪਿਟਬੁੱਲ ਦਾ ਆਤੰਕ ਸਵੇਰੇ ਪਿੰਡ ਚੌਹਾਣਾ ਵਿਖੇ ਖਤਮ ਹੋਇਆ। ਪਿੰਡ ਤੰਗੋਸ਼ਾਹ ਤੋਂ ਚੌਹਾਣਾ ਦੀ ਦੂਰੀ 15 ਕਿਲੋਮੀਟਰ ਹੈ। ਉਸ ਨੇ ਪਹਿਲਾਂ ਪਿੰਡ ਤੰਗੋਸ਼ਾਹ ਨੇੜੇ ਭੱਠੇ ’ਤੇ ਮਜ਼ਦੂਰੀ ਕਰ ਰਹੇ ਦੋ ਮਜ਼ਦੂਰਾਂ ਨੂੰ ਵੱਡਿਆ। ਦੋਵਾਂ ਨੇ ਹਿੰਮਤ ਕਰ ਕੇ ਉਸ ਦੇ ਗਲੇ ਵਿਚ ਪਈ ਚੇਨ ਫੜ ਕੇ ਆਪਣੇ ਆਪ ਨੂੰ ਬਚਾਇਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਕੁੱਤਾ ਚੇਨ ਤੋਂ ਨਿਕਲ ਕੇ ਰਾਤ ਨੂੰ ਪਿੰਡ ਪਹੁੰਚ ਗਿਆ। ਉਸ ਨੇ ਪਿੰਡ ‘ਚ ਆਪਣੀ ਹਵੇਲੀ ‘ਚ ਬੈਠੇ 60 ਸਾਲਾ ਦਿਲੀਪ ਕੁਮਾਰ ‘ਤੇ ਹਮਲਾ ਕਰ ਦਿੱਤਾ । ਦਲੀਪ ਕੁਮਾਰ ਨੇ ਹਿੰਮਤ ਦਿਖਾਈ ਅਤੇ ਗਰਦਨ ਤੱਕ ਹੱਥ ਰੱਖ ਕੇ ਕੁੱਤੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦਲੀਪ ਕੁਮਾਰ ਪਿਟਬੁੱਲ ਦੇ ਚੁੰਗਲ ਤੋਂ ਬਚਣ ਲਈ ਘਰ ਵੱਲ ਦੌੜ ਗਿਆ । ਹਾਲਾਂਕਿ, ਪਿਟਬੁੱਲ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਦੁਬਾਰਾ ਰਸਤੇ ਵਿਚ ਸੁੱਟ ਦਿੱਤਾ ਅਤੇ ਉਸ ਦਾ ਸਿਰ ਬੁਰੀ ਤਰ੍ਹਾਂ ਨਾਲ ਨੋਚਿਆ। ਉਦੋਂ ਤੱਕ ਪਿੰਡ ਦੇ ਲੋਕ ਇਕੱਠੇ ਹੋ ਗਏ ਸਨ ਪਰ ਕਿਸੇ ਨੇ ਦਲੀਪ ਕੁਮਾਰ ਨੂੰ ਪਿਟਬੁੱਲ ਤੋਂ ਛੁਡਾਉਣ ਦੀ ਹਿੰਮਤ ਨਹੀਂ ਕੀਤੀ। ਇਸ ਦੌਰਾਨ ਰਸਤੇ ‘ਚ ਦਲੀਪ ਕੁਮਾਰ ਦੇ ਭਰਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗਲੀ ਤੋਂ ਗੇਟ ਦੇ ਅੰਦਰ ਖਿੱਚ ਕੇ ਉਸ ਦੀ ਜਾਨ ਬਚਾਈ। ਪਿਟਬੁੱਲ ਨੇ ਦਲੀਪ ਦੀ ਇੰਨੀ ਬੁਰੀ ਤਰ੍ਹਾਂ ਨਾਲ ਨੋਚਿਆ ਕਿ ਹਵੇਲੀ ਤੋਂ ਘਰ ਤੱਕ ਦੀ ਸੜਕ ਖੂਨ ਡੁੱਲਿਆ ਵੇਖਿਆ ਗਿਆ।


ਪਿਟਬੁੱਲ ਨੇ ਇੱਥੇ ਹੀ ਬਸ ਨਹੀਂ ਕੀਤੀ ,ਪਿੰਡ ਦੇ ਰਹਿਣ ਵਾਲੇ ਬਲਦੇਵ ਰਾਜ ਦੇ ਵੱਛੇ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਲੱਤ ਬੁਰੀ ਤਰ੍ਹਾਂ ਨਾਲ ਨੋਚੀ । ਉਥੋਂ ਪਿਟਬੁੱਲ ਘਰੋਟਾ ਰੋਡ ਵੱਲ ਭੱਜਿਆ ਅਤੇ ਰਸਤੇ ਵਿੱਚ ਕਈ ਪਸ਼ੂਆਂ ਨੂੰ ਕੱਟਦਾ ਹੋਇਆ ਇੱਟਾਂ ਦੇ ਭੱਠੇ ’ਤੇ ਪਹੁੰਚ ਗਿਆ। ਉਸ ਨੇ ਭੱਠੇ ‘ਤੇ ਨੇਪਾਲੀ ਚੌਕੀਦਾਰ ਰਾਮਨਾਥ ‘ਤੇ ਹਮਲਾ ਕਰ ਦਿੱਤਾ। ਰਾਮਨਾਥ ਨੂੰ ਭੱਠੇ ‘ਤੇ‌ ਦੋ ਆਵਾਰਾ ਕੁੱਤਿਆਂ ਨੇ ਬਚਾਇਆ । ਉਥੋਂ ਪਿਟਬੁੱਲ ਛੰਨੀ ਪਿੰਡ ਵੱਲ ਭੱਜਿਆ ਅਤੇ ਉੱਥੇ ਸੁੱਤੇ ਪਏ ਮੰਗਲ ਸਿੰਘ ਨੂੰ ਵੱਡਿਆ। ਪੂਰੀ ਰਾਤ ਦਹਿਸ਼ਤ ਮਚਾਉਂਦੇ ਹੋਏ ਪਿੱਟਬੁਲ ਕੁੱਤੇ ਨੇ ਕੁੱਲ 12 ਲੋਕਾਂ ਨੂੰ ਜ਼ਖਮੀ ਕਰ ਦਿੱਤਾ।

ਇਸ ਤੋਂ ਬਾਅਦ ਪਿਟਬੁੱਲ ਦੌੜਦਾ ਹੋਇਆ ਪਿੰਡ ਚੌਹਾਣਾ ਪਹੁੰਚਿਆ ਅਤੇ ਖੇਤਾਂ ‘ਚ ਸੈਰ ਕਰ ਰਹੇ ਸੇਵਾਮੁਕਤ ਫੌਜੀ ਕੈਪਟਨ ਸ਼ਕਤੀ ਸਿੰਘ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬਾਂਹ ਬੁਰੀ ਤਰ੍ਹਾਂ ਨਾਲ ਜਖਮੀ ਕਰ ਦਿੱਤੀ। ਸ਼ਕਤੀ ਸਿੰਘ ਨੇ ਡੰਡਾ ਕੁੱਤੇ ਦੇ ਮੂੰਹ ਵਿੱਚ ਪਾ ਕੇ ਦੋਵੇਂ ਕੰਨਾਂ ਤੋਂ ਫੜ ਲਿਆ। ਉਦੋਂ ਤੱਕ ਸ਼ਕਤੀ ਸਿੰਘ ਦਾ ਰੌਲਾ ਸੁਣ ਕੇ ਪਿੰਡ ਦੇ ਲੋਕ ਵੀ ਉਥੇ ਪਹੁੰਚ ਗਏ। ਇਸ ਦੌਰਾਨ ਸ਼ਕਤੀ ਸਿੰਘ ਅਤੇ ਪਿੰਡ ਦੇ ਹੋਰ ਲੋਕਾਂ ਨੇ ਪਾਗਲ ਹੋਏ ਪਿਟਬੁੱਲ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਪਿਟਬੁੱਲ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਦੀਨਾਨਗਰ ਅਤੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬਜ਼ੁਰਗ ਦਿਲੀਪ ਕੁਮਾਰ ਦੇ ਸਿਰ ਵਿਚ 17 ਟਾਂਕੇ ਲੱਗੇ।

error: Content is protected !!