ਡੋਮਿਨੋਜ਼ ਪੀਜ਼ਾ ਰੈਸਟੋਰੈਂਟ ‘ਚ ਗਾਹਕ ਨੂੰ ਪੀਜ਼ਾ ਦੀ ਬਜਾਏ ਖਾਣ ਨੂੰ ਮਿਲੀਆਂ ਕਿੱਕਾਂ ਅਤੇ ਕੁਰਸੀਆਂ, ਸਟਾਫ ਦੀ ਗੁੰਡਾਗਰਦੀ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ….

ਡੋਮਿਨੋਜ਼ ਪੀਜ਼ਾ ਰੈਸਟੋਰੈਂਟ ‘ਚ ਗਾਹਕ ਨੂੰ ਪੀਜ਼ਾ ਦੀ ਬਜਾਏ ਖਾਣ ਨੂੰ ਮਿਲੀਆਂ ਕਿੱਕਾਂ ਅਤੇ ਕੁਰਸੀਆਂ, ਸਟਾਫ ਦੀ ਗੁੰਡਾਗਰਦੀ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ….


ਫਗਵਾੜਾ (ਵੀਓਪੀ ਬਿਊਰੋ) ਜ਼ਿਲਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਹਰਗੋਵਿੰਦ ਨਗਰ ‘ਚ ਬਣੇ ਡੋਮੀਨੋਜ਼ ਪੀਜ਼ਾ ਰੈਸਟੋਰੈਂਟ ਦੇ ਸਟਾਫ ਨੇ ਆਪਣੀ ਸ਼ਿਕਾਇਤ ਲੈ ਕੇ ਆਏ ਗ੍ਰਾਹਕ ਨੂੰ ਗਾਲ੍ਹਾਂ ਕੱਢਦੇ ਹੋਏ ਕੁਰਸੀਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਿਆ| ਡੋਮੀਨੋਜ਼ ਪੀਜ਼ਾ ਦੇ ਗ੍ਰਾਹਕ ਜਤਿਨ ਵੋਹਰਾ ਦਾ ਆਰੋਪ ਹੈ ਕਿ 7 ਤੋਂ 8 ਸਟਾਫ਼ ਮੈਂਬਰ ਨੇ ਪਹਿਲਾਂ ਉਸ ‘ਤੇ ਅਤੇ ਉਸ ਦੇ ਸਾਥੀਆਂ ‘ਤੇ ਹਮਲਾ ਕੀਤਾ। ਸੰਬਧਿਤ ਥਾਣੇ ਦੀ ਪੁਲੀਸ ਨੇ ਡੋਮੀਨੋਜ਼ ਪੀਜ਼ਾ ਰੈਸਟੋਰੈਂਟ ਦੇ ਤਿੰਨ ਸਟਾਫ਼ ਮੈਂਬਰਾਂ ਨੂੰ ਰਾਊਂਡਅਪ ਕਰਕੇ ਥਾਣੇ ਲਿਆਂਦਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਅੱਜਕੱਲ੍ਹ, ਵੱਡੀਆਂ ਕੰਪਨੀਆਂ ਨੇ ਲੋਕਾਂ ਨੂੰ ਆਨਲਾਈਨ ਖਾਣ-ਪੀਣ ਦੀ ਸਹੂਲਤ ਦੇਣ ਲਈ ਕਾਰੋਬਾਰ ਫੈਲਾ ਦਿੱਤਾ ਹੈ। ਖਾਸ ਤੌਰ ‘ਤੇ ਜਦੋਂ ਪੀਜ਼ਾ ਖਾਣ ਦੀ ਗੱਲ ਆਉਂਦੀ ਹੈ ਤਾਂ ਲੋਕ ਅਕਸਰ ਡੋਮੀਨੋਜ਼ ਪੀਜ਼ਾ ਤੋਂ ਹੀ ਪੀਜ਼ਾ ਆਰਡਰ ਕਰਦੇ ਹਨ| ਇੱਥੇ ਡੋਮੀਨੋਜ਼ ਪੀਜ਼ਾ ਵੱਲੋਂ ਲੋਕਾਂ ਨੂੰ ਪੀਜ਼ਾ ਆਰਡਰ ਕਰਨ ਲਈ ਕਈ ਤਰ੍ਹਾਂ ਦੇ ਆਫਰ ਵੀ ਦਿੱਤੇ ਜਾਂਦੇ ਹਨ| ਪਰ ਫਗਵਾੜਾ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗਾਹਕ ਨੂੰ ਪੀਜ਼ਾ ਦੀ ਬਜਾਏ ਕਿੱਕਾਂ ਅਤੇ ਕੁਰਸੀਆਂ ਖਾਣ ਨੂੰ ਮਿਲੀਆਂ। ਡੋਮੀਨੋਜ਼ ਪੀਜ਼ਾ ਰੈਸਟੋਰੈਂਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਗਾਹਕ ਨਾਲ ਹੋਈ ਕੁੱਟਮਾਰ ਦੀ ਘਟਨਾ ਕੈਦ ਹੋ ਗਈ ਹੈ। ਹਾਲਾਂਕਿ ਕੁੱਟਮਾਰ ਦੀ ਘਟਨਾ ਬੀਤੀ ਦੇਰ ਰਾਤ ਵਾਪਰੀ ਹੈ ਪਰ ਪੁਲੀਸ ਅੱਜ ਇਸ ’ਤੇ ਕਾਨੂੰਨੀ ਕਾਰਵਾਈ ਕਰ ਰਹੀ ਹੈ।

ਹਸਪਤਾਲ ‘ਚ ਜੇਰੇ ਇਲਾਜ ਜਤਿਨ ਵੋਹਰਾ ਨੇ ਦੱਸਿਆ ਕਿ ਡੋਮੀਨੋਜ਼ ਪੀਜ਼ਾ ਰੈਸਟੋਰੈਂਟ ‘ਚ ਆਨਲਾਈਨ ਆਰਡਰ ਕੀਤਾ ਗਿਆ ਸੀ। ਪਰ ਜਦੋਂ 1 ਤੋਂ ਡੇਢ ਘੰਟੇ ਤੱਕ ਉਸ ਦਾ ਆਰਡਰ ਨਾ ਆਇਆ ਤਾਂ ਉਸ ਨੇ ਡੋਮੀਨੋਜ਼ ਰੈਸਟੋਰੈਂਟ ਵਿੱਚ ਫੋਨ ਕਰਕੇ ਇਸ ਬਾਰੇ ਪੁੱਛਿਆ| ਪਰ ਉੱਥੇ ਮੌਜੂਦ ਸਟਾਫ ਨੇ ਉਸ ਨਾਲ ਭੱਦੇ ਢੰਗ ਨਾਲ ਗੱਲ ਕੀਤੀ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਉਹ ਆਪਣੇ ਦੋਸਤ ਨਾਲ ਡੋਮੀਨੋਜ਼ ਰੈਸਟੋਰੈਂਟ ‘ਚ ਗਿਆ ਤਾਂ ਸੱਤ ਤੋਂ ਅੱਠ ਸਟਾਫ ਮੈਂਬਰਾਂ ਨੇ ਉਹਨਾਂ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਉਹ ਗੰਭੀਰ ਜ਼ਖਮੀ ਹੋ ਗਿਆ| ਉਸ ਦੇ ਪੈਰ ਦੇ ਅੰਗੂਠੇ ‘ਚ ਫਰੈਕਚਰ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੇ ਡੋਮੀਨੋਜ਼ ਪੀਜ਼ਾ ਨੂੰ ਆਪਣੇ ਆਰਡਰ ਲਈ ਪਹਿਲਾਂ ਹੀ ਆਨਲਾਈਨ ਪੈਸੇ ਦੇ ਦਿੱਤੇ ਸਨ।

ਇਸ ਬਾਰੇ ਥਾਣਾ ਸਿਟੀ ਫਗਵਾੜਾ ਦੇ ਥਾਣਾ ਮੁਖੀ ਅਮਨਦੀਪ ਨਾਹਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੋਮੀਨੋਜ਼ ਪੀਜ਼ਾ ਰੈਸਟੋਰੈਂਟ ‘ਚ ਲੜਾਈ ਹੋਈ ਹੈ| ਤਾਂ ਜਦ ਉਹਨਾਂ ਨੇ ਉਥੇ ਜਾ ਕੇ ਦੇਖਿਆ ਤਾਂ ਜਤਿਨ ਵੋਹਰਾ ਗੰਭੀਰ ਰੂਪ ‘ਚ ਜ਼ਖਮੀ ਸੀ| ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਸਟਾਫ਼ ਦੇ ਤਿੰਨ ਵਿਅਕਤੀਆਂ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਹੈ।
ਹੁਣ ਤੱਕ ਡੋਮਿਨੋਸ ਰੈਸਟੋਰੈਂਟ ਦੇ ਸਟਾਫ ਜਾਂ ਪ੍ਰਬੰਧਕਾਂ ਨੇ ਇਸ ਹਮਲੇ ਦੇ ਮਾਮਲੇ ਬਾਰੇ ਮੀਡੀਆ ਨਾਲ ਗੱਲ ਨਹੀਂ ਕੀਤੀ ਹੈ। ਅਜਿਹੇ ‘ਚ ਗਾਹਕਾਂ ਨੂੰ ਸਹੂਲਤ ਦੇਣ ਵਾਲੀ ਡੋਮੀਨੋਜ਼ ਪੀਜ਼ਾ ਕੰਪਨੀ ‘ਤੇ ਹਮਲੇ ਦੇ ਮਾਮਲੇ ‘ਚ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।

error: Content is protected !!