ਇਕ ਹੋਰ ਕਾਂਗਰਸੀ ਆਗੂ ਦੀ ਗ੍ਰਿਫਤਾਰੀ, ਵਿਜੀਲੈਂਸ ਦੀ ਕਾਰਵਾਈ ਨੇ ਕਈ ਕਾਂਗਰਸੀਆਂ ਵਿਚ ਪੈਦਾ ਕੀਤੀ ਦਹਿਸ਼ਤ

ਇਕ ਹੋਰ ਕਾਂਗਰਸੀ ਆਗੂ ਦੀ ਗ੍ਰਿਫਤਾਰੀ, ਵਿਜੀਲੈਂਸ ਦੀ ਕਾਰਵਾਈ ਨੇ ਕਈ ਕਾਂਗਰਸੀਆਂ ਵਿਚ ਪੈਦਾ ਕੀਤੀ ਦਹਿਸ਼ਤ

ਲੁਧਿਆਣਾ (ਵੀਓਪੀ ਬਿਊਰੋ) : ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਟੈਂਡਰ ਘਪਲੇ ਦੇ ਮਾਮਲੇ ’ਚ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਦੀ ਇਸ ਕਾਰਵਾਈ ਨੇ ਬਾਕੀ ਨਜ਼ਦੀਕੀ ਕਾਂਗਰਸੀਆਂ ਦੇ ਮਨ ’ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਕਈ ਦਿਨਾਂ ਤੋਂ ਉਕਤ ਕਾਂਗਰਸੀ ਆਗੂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਸੀ। ਪਤਾ ਲੱਗਾ ਹੈ ਕਿ ਪੁੱਛਗਿੱਛ ’ਚ ਅਜਿਹੇ ਕਈ ਤੱਥ ਵਿਜੀਲੈਂਸ ਸਾਹਮਣੇ ਆਏ, ਜਿਸ ‘ਚ ਉਸ ਦੀ ਮਿਲੀ-ਭੁਗਤ ਦੇ ਸਬੂਤ ਮਿਲੇ ਹਨ, ਜਿਸ ਤੋਂ ਬਾਅਦ ਉਸ ਨੂੰ ਨਾਮਜ਼ਦ ਕਰ ਕੇ ਕਾਬੂ ਕਰ ਲਿਆ ਗਿਆ।

ਜਾਣਕਾਰੀ ਅਨੁਸਾਰ ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਟੈਂਡਰ ਘਪਲੇ ਦੇ ਮਾਮਲੇ ’ਚ ਹੁਣ ਕਾਂਗਰਸੀ ਕੌਂਸਲਰ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਕੌਂਸਲਰ ਸੰਨੀ ਭੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਕਈ ਦਿਨਾਂ ਤੋਂ ਲਗਾਤਾਰ ਸੰਨੀ ਭੱਲਾ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਸੀ। ਜਾਂਚ ਦੌਰਾਨ ਸੰਨੀ ਭੱਲਾ ਦੀ ਵੀ ਟੈਂਡਰ ਘਪਲੇ ’ਚ ਮਿਲੀ-ਭੁਗਤ ਸਾਹਮਣੇ ਆਉਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਤਿੰਨ ਤੋਂ ਚਾਰ ਘੰਟੇ ਤੱਕ ਹੋਈ ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਸੰਨੀ ਭੱਲਾ ਨੂੰ ਉੱਥੋਂ ਹੀ ਗ੍ਰਿਫ਼ਤਾਰ ਕਰ ਲਿਆ।


ਐੱਸਐੱਸਪੀ ਵਿਜੀਲੈਂਸ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸੰਨੀ ਭੱਲਾ ਦੀ ਗ੍ਰਿਫ਼ਤਾਰੀ ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਟੈਂਡਰ ਘਪਲੇ ‘ਚ ਹੋਈ ਹੈ। ਕਈ ਅਜਿਹੇ ਤੱਥ ਮਿਲੇ ਹਨ, ਜਿਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਘਪਲੇ ‘ਚ ਸੰਨੀ ਭੱਲਾ ਦੀ ਵੀ ਮਿਲੀ-ਭੁਗਤ ਹੈ। ਕਈ ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਉਹ ਜਵਾਬ ਨਹੀਂ ਦੇ ਪਾ ਰਹੇ ਹਨ। ਕੌਂਸਲਰ ਸੰਨੀ ਭੱਲਾ ਨੂੰ ਵਿਜੀਲੈਂਸ ਦੀ ਟੀਮ ਵੀਰਵਾਰ ਨੂੰ ਅਦਾਲਤ ’ਚ ਪੇਸ਼ ਕਰੇਗੀ। ਹੁਣ ਉਸ ਦਾ ਰਿਮਾਂਡ ਹਾਸਲ ਕਰ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ।
ਉਧਰ, ਸੰਨੀ ਭੱਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਕਾਂਗਰਸੀ ਆਪਸ ’ਚ ਇਕੱਠੇ ਹੋਏ ਪਰ ਵਿਜੀਲੈਂਸ ਦਫ਼ਤਰ ਦੇ ਬਾਹਰ ਤੱਕ ਜਾਣ ਦੀ ਹਿੰਮਤ ਨਹੀਂ ਜੁਟਾ ਸਕੇ। ਉਨ੍ਹਾਂ ਨੂੰ ਡਰ ਸਤਾਉਣ ਲੱਗਾ ਹੈ ਕਿ ਕਿਤੇ ਵਿਜੀਲੈਂਸ ਦੀ ਰਾਡਾਰ ’ਤੇ ਉਹ ਨਾ ਪੁੱਜ ਜਾਣ। ਸੰਨੀ ਭੱਲਾ ’ਤੇ ਕਾਰਵਾਈ ਤੋਂ ਬਾਅਦ ਹੁਣ ਮਹਾਨਗਰ ’ਚ ਚਰਚਾ ਦਾ ਬਜ਼ਾਰ ਗਰਮ ਹੈ ਕਿ ਸ਼ਹਿਰ ’ਚ ਹੁਣ ਅਗਲਾ ਨੰਬਰ ਕਿਸ ਦਾ ਹੈ। ਸਾਬਕਾ ਮੰਤਰੀ ਦੇ ਨਜ਼ਦੀਕੀਆਂ ’ਤੇ ਲਗਾਤਾਰ ਵਿਜੀਲੈਂਸ ਦੀ ਟੀਮ ਸ਼ਿਕੰਜਾ ਕੱਸਦੀ ਜਾ ਰਹੀ ਹੈ।

error: Content is protected !!