ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਘੁੰਮ ਰਿਹਾ ਅੱਤਵਾਦੀ ਪਿੰਕਾ, ਵੀਡੀਓ ਵਾਇਰਲ ਹੋਈ ਤਾਂ ਐੱਸਜੀਪੀਸੀ ਨੇ ਕਰਵਾਈ ਡਿਲੀਟ…
ਵੀਓਪੀ ਬਿਊਰੋ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਸਮੇਂ ਪਾਕਿਸਤਾਨ ਵਿੱਚ ਹਨ ਅਤੇ ਉਹ ਉੱਥੇ ਪੰਜਾ ਸਾਹਿਬ ਸਾਕੇ ਦੀ 100ਵੀਂ ਵਰ੍ਹੇਗੰਢ ਮਨਾਉਣ ਦੇ ਸਬੰਧ ਵਿੱਚ ਗਏ ਹੋਏ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਿੰਸੀਪਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਕਈ ਸਿੱਖ ਇਸ ਸਮੇਂ ਪੰਜਾ ਸਾਹਿਬ ਵਿੱਚ ਮੌਜੂਦ ਹਨ। ਇਸ ਦੌਰਾਨ ਹੀ ਸ਼੍ਰੋਮਣੀ ਕਮੇਟੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਗਾਤਾਰ ਪੰਜਾ ਸਾਹਿਬ ਪ੍ਰੋਗਰਾਮ ਨਾਲ ਸਬੰਧਤ ਵੀਡੀਓਜ਼ ਪੋਸਟ ਕਰ ਰਹੀ ਹੈ। ਇਸ ਦੌਰਾਨ ਹੀ ਸ਼੍ਰੋਮਣੀ ਕਮੇਟੀ ਨੇ ਇਕ ਵੀਡੀਓ ਪੋਸਟ ਕੀਤੀ ਜਿਸ ਵਿੱਚ 1984 ਵਿੱਚ ਸ੍ਰੀਨਗਰ ਹਵਾਈ ਅੱਡੇ ਤੋਂ ਇੰਡੀਅਨ ਏਅਰਲਾਈਨਜ਼ ਦੀ ਫਲਾਈਟ IC405 ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਪਿੰਕਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਨਜ਼ਰ ਆ ਰਿਹਾ ਹੈ। ਜਦ ਇਹ ਵੀਡੀਓ ਵਾਇਰਲ ਹੋ ਗਈ ਤਾਂ ਸ਼੍ਰੋਮਣੀ ਕਮੇਟੀ ਨੇ ਵੀਡੀਓ ਡਿਲੀਟ ਕਰ ਦਿੱਤੀ।
ਵੀਡੀਓ ਵਿੱਚ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਧੀ ਬਾਹਾਂ ਵਾਲੀ ਕਾਲੀ ਜੈਕੇਟ ਪਹਿਨੇ ਇੱਕ ਸਿੱਖ ਨਜ਼ਰ ਆ ਰਹੇ ਹਨ। ਇਹ ਸਿੱਖ ਕੋਈ ਹੋਰ ਨਹੀਂ ਬਲਕਿ ਜੰਮੂ ਨਿਵਾਸੀ ਅੱਤਵਾਦੀ ਪਿੰਕਾ ਉਰਫ਼ ਰਵਿੰਦਰ ਸਿੰਘ ਉਰਫ਼ ਰਣਜੀਤ ਸਿੰਘ ਉਰਫ਼ ਮਨਜੀਤ ਸਿੰਘ ਹੈ। 1984 ਵਿੱਚ ਪਿੰਕਾ ਨੇ ਸ਼੍ਰੀਨਗਰ ਤੋਂ ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਹਾਈਜੈਕ ਕਰ ਲਈ ਸੀ। ਇਸ ਤੋਂ ਬਾਅਦ ਫਲਾਈਟ ਸਿੱਧੀ ਲਾਹੌਰ ਲੈਂਡ ਹੋਈ। ਉਦੋਂ ਤੋਂ ਅੱਜ ਤੱਕ ਪਿੰਕਾ ਪਾਕਿਸਤਾਨ ਵਿੱਚ ਹੈ। ਆਈਐਸਆਈ ਪਿੰਕਾ ਨੂੰ ਪਨਾਹ ਦਿੰਦੀ ਹੈ।
ਪਿੰਕਾ 2019 ‘ਚ ਉਦੋਂ ਵੀ ਵਿਵਾਦਾਂ ‘ਚ ਆ ਗਿਆ ਸੀ, ਜਦੋਂ ਭਾਰਤ ਨੇ ਪਾਕਿਸਤਾਨ ਨਾਲ ਮਿਲ ਕੇ ਕਰਤਾਰਪੁਰ ਲਾਂਘਾ ਖੋਲ੍ਹਿਆ ਸੀ। ਪਿੰਕਾ ਉਸ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦਾ ਸੀ ਪਰ ਭਾਰਤ ਸਰਕਾਰ ਨਾਲ ਚੰਗੇ ਸਬੰਧਾਂ ਨੂੰ ਦੇਖਦਿਆਂ ਆਈਐਸਆਈ ਨੇ ਪਿੰਕਾ ਤੋਂ ਹੱਥ ਖਿੱਚਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਪਿੰਕਾ ਨੂੰ ਸ੍ਰੀ ਕਰਤਾਰਪੁਰ ਸਾਹਿਬ ਤੋਂ ਬਾਹਰ ਕੱਢ ਕੇ ਨਾਰੋਵਾਲ ਜ਼ਿਲ੍ਹੇ ਦੇ ਕਿਸੇ ਹੋਰ ਪਿੰਡ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।