ਖਾਕੀ ਫਿਰ ਹੋਈ ਦਾਗੀ, ਐੱਸਐੱਚਓ 2 ਸਾਥੀਆਂ ਨਾਲ ਮਿਲ ਕੇ ਕਰਦਾ ਸੀ ਹੈਰੋਇਨ ਦੀ ਤਸਕਰੀ, ਆਇਆ ਅੜਿੱਕੇ

ਖਾਕੀ ਫਿਰ ਹੋਈ ਦਾਗੀ, ਐੱਸਐੱਚਓ 2 ਸਾਥੀਆਂ ਨਾਲ ਮਿਲ ਕੇ ਕਰਦਾ ਸੀ ਹੈਰੋਇਨ ਦੀ ਤਸਕਰੀ, ਆਇਆ ਅੜਿੱਕੇ


ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਪੁਲਿਸ ਦੇ ਕੁਝ ਭ੍ਰਿਸ਼ਟ ਮੁਲਾਜ਼ਮ ਹੀ ਖਾਕੀ ਵਰਦ ਨੂੰ ਦਾਗ ਲਾ ਦਿੰਦੇ ਹਨ। ਅਜਿਹਾ ਹੀ ਹੁਣ ਵੀ ਸਾਹਮਣੇ ਆਇਆ ਹੈ ਜਦ ਪੰਜਾਬ ਦੇ ਕਮਿਸ਼ਨਰੇਟ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਦੇ ਐਡੀਸ਼ਨਲ ਐੱਸਐੱਚਓ ਸਬ-ਇੰਸਪੈਕਟਰ ਹਰਜਿੰਦਰ ਕੁਮਾਰ (50) ਨੂੰ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਜਲੰਧਰ ਬਾਈਪਾਸ ਨੇੜੇ ਵਰਦੀ ਵਿੱਚ ਹੈਰੋਇਨ ਦੀ ਤਸਕਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਵਧੀਕ ਐੱਸਐੱਚਓ ਦੀ ਇਸ਼ਾਰੇ ’ਤੇ ਉਸ ਦੀ ਮਹਿਲਾ ਸਾਥੀ ਹਰਜਿੰਦਰ ਕੌਰ (35) ਅਤੇ ਰੋਹਿਤ ਕੁਮਾਰ (20) ਨੂੰ ਵੀ ਫਿਲੌਰ ਤੋਂ ਗ੍ਰਿਫ਼ਤਾਰ ਕਰ ਲਿਆ। ਉਕਤ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਮੁੱਢਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਹਰਜਿੰਦਰ ਕੁਮਾਰ ਕੋਲੋਂ 16 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਦਕਿ ਉਸ ਦੇ ਸਾਥੀ ਨਸ਼ਾ ਤਸਕਰਾਂ ਹਰਜਿੰਦਰ ਕੌਰ ਅਤੇ ਰੋਹਿਤ ਕੁਮਾਰ ਕੋਲੋਂ 830 ਗ੍ਰਾਮ ਹੈਰੋਇਨ ਬਰਾਮਦ ਕੀਤੀ। ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ। ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ ’ਤੇ ਜਲੰਧਰ ਬਾਈਪਾਸ ’ਤੇ ਨਾਕਾ ਲਾਇਆ ਗਿਆ ਸੀ। ਇਸੇ ਦੌਰਾਨ ਸਬ ਇੰਸਪੈਕਟਰ ਹਰਜਿੰਦਰ ਕੁਮਾਰ ਕੋਲੋਂ 16 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਹਰਜਿੰਦਰ ਕੌਰ ਅਤੇ ਰੋਹਿਤ ਕੁਮਾਰ ਤੋਂ ਹੈਰੋਇਨ ਲਿਆ ਕੇ ਅੱਗੇ ਸਪਲਾਈ ਕਰਦਾ ਸੀ।


ਹਰਜਿੰਦਰ ਕੌਰ ਅਤੇ ਰੋਹਿਤ ਕੁਮਾਰ ਫਿਲੌਰ ਦੇ ਪਿੰਡ ਸੋਲਕੀਆਣਾ ਦੇ ਰਹਿਣ ਵਾਲੇ ਹਨ। ਹਰਜਿੰਦਰ ਕੌਰ ਪਿਛਲੇ 10 ਸਾਲਾਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ। ਉਸ ‘ਤੇ ਕਈ ਕੇਸ ਦਰਜ ਹਨ। ਹਰਜਿੰਦਰ ਕੁਮਾਰ ਨੇ ਚੌਕੀ ਦੇ ਇੰਚਾਰਜ ਹੁੰਦਿਆਂ ਔਰਤ ਨੂੰ ਫੜ ਲਿਆ ਸੀ। ਇਸ ਤੋਂ ਬਾਅਦ ਹਰਜਿੰਦਰ ਕੁਮਾਰ ਨੇ ਉਸ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ। ਹਰਜਿੰਦਰ ਕੌਰ ਅਤੇ ਰੋਹਿਤ ਕੁਮਾਰ ਰਿਸ਼ਤੇਦਾਰ ਹਨ। ਦੋਵੇਂ ਲੰਬੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਸਨ।

error: Content is protected !!