ਕਬਜ਼ਾ ਛੁਡਾਉਣ ਗਏ ਡਿਊਟੀ ਮੈਜਿਸਟ੍ਰੇਟ ਨੂੰ ਪ੍ਰਦਰਸ਼ਨਕਾਰੀਆਂ ਨੇ ਕੀਤੀ ਅੱਗ ਲਾਉਣ ਦੀ ਕੋਸ਼ਿਸ਼, ਤਮਾਸ਼ਬੀਨ ਬਣੀ ਰਹੀ ਪੁਲਿਸ

ਕਬਜ਼ਾ ਛੁਡਾਉਣ ਗਏ ਡਿਊਟੀ ਮੈਜਿਸਟ੍ਰੇਟ ਨੂੰ ਪ੍ਰਦਰਸ਼ਨਕਾਰੀਆਂ ਨੇ ਕੀਤੀ ਅੱਗ ਲਾਉਣ ਦੀ ਕੋਸ਼ਿਸ਼, ਤਮਾਸ਼ਬੀਨ ਬਣੀ ਰਹੀ ਪੁਲਿਸ


ਕਪੂਰਥਲਾ (ਵੀਓਪੀ ਬਿਊਰੋ) ਕਪੂਰਥਲਾ ‘ਚ ਜਲੰਧਰ ਰੋਡ ‘ਤੇ ਮਨਸੂਰਵਾਲ ਨੇੜੇ ਹੋਏ ਨਾਜਾਇਜ਼ ਕਬਜੇ ਛੁਡਵਾਉਣ ਪਹੁੰਚੇ ਡਿਊਟੀ ਮੈਜਿਸਟ੍ਰੇਟ ਤੇ ਹੋਰਨਾਂ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਉੱਪਰ ਉੱਥੋਂ ਦੇ ਲੋਕਾਂ ਨੇ ਪਥਰਾਅ ਕੀਤਾ ਅਤੇ ਇੰਨਾਂ ਹੀ ਨਹੀਂ ਭੜਕੇ ਲੋਕਾਂ ਨੇ ਡਿਊਟੀ ਮੈਜਿਸਟ੍ਰੇਟ ਦੀ ਟੀਮ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਉੱਪਰ ਤੇਲ ਪਾ ਕੇ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ। ਮਾਮਲਾ ਵਿਗੜਦਾ ਦੇਖ ਥਾਣਾ ਕੋਤਵਾਲੀ ਅਤੇ ਥਾਣਾ ਇੰਚਾਰਜ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਹਾਲਾਂਕਿ ਇਸ ਮਾਮਲੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਆਖਰਕਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੇ ਸ਼ਨਾਖਤ ਦੀ ਪ੍ਰਕਿਰਿਆ ਪੂਰੀ ਕਰ ਲਈ। ਇਸ ਦੌਰਾਨ ਥਾਣਾ ਸਿਟੀ ਦੀ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੀ ਹੈ।


ਜਾਣਕਾਰੀ ਮੁਤਾਬਕ ਸਰਕਾਰੀ ਰਿਕਾਰਡ ਅਨੁਸਾਰ ਜਲੰਧਰ ਰੋਡ ’ਤੇ ਸਥਿਤ ਮਨਸੂਰਵਾਲ ਇਲਾਕੇ ਦੀ ਦੋ ਕਨਾਲ ਜ਼ਮੀਨ ਦਰਬਾਰਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਢਪਈ ਦੇ ਨਾਂ ’ਤੇ ਦਰਜ ਹੈ। ਨਿਸ਼ਾਨਦੇਹੀ ਵਾਲੀ ਇਸ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਐੱਸਡੀਐੱਮ ਦੀ ਅਦਾਲਤ ਵਿੱਚ ਪਟੀਸ਼ਨ ਪਾਈ ਗਈ ਸੀ। ਇਸ ਤੋਂ ਬਾਅਦ ਐੱਸਡੀਐੱਮ ਕਪੂਰਥਲਾ ਲਾਲ ਵਿਸ਼ਵਾਸ ਨੇ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ ’ਤੇ ਮਾਲਕ ਦਰਬਾਰਾ ਸਿੰਘ ਦੀ ਦੋ ਕਨਾਲ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਕਬਜ਼ਾ ਸੌਂਪਣ ਲਈ ਨਾਇਬ ਤਹਿਸੀਲਦਾਰ (ਡਿਊਟੀ ਮੈਜਿਸਟਰੇਟ) ਫਗਵਾੜਾ ਪਵਨ ਕੁਮਾਰ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ। ਇਸ ਦੌਰਾਨ ਵੀਰਵਾਰ ਦੁਪਹਿਰ ਜਦੋਂ ਡਿਊਟੀ ਮੈਜਿਸਟ੍ਰੇਟ ਪਵਨ ਕੁਮਾਰ ਥਾਣਾ ਸਿਟੀ ਪੁਲਸ ਦੇ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਮੌਕੇ ‘ਤੇ ਪਹੁੰਚੇ ਤਾਂ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੇ ਡਿਊਟੀ ਮੈਜਿਸਟ੍ਰੇਟ ਦੀ ਟੀਮ ਨਾਲ ਧੱਕਾ-ਮੁੱਕੀ ਕੀਤੀ ਅਤੇ ਕਥਿਤ ਤੌਰ ‘ਤੇ ਪਥਰਾਅ ਕੀਤਾ। ਪਵਨ ਕੁਮਾਰ ਨੇ ਦੋਸ਼ ਲਾਇਆ ਕਿ ਉਸ ’ਤੇ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਟੀਮ ਦੇ ਕੁਝ ਮੈਂਬਰਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ।


ਉਨ੍ਹਾਂ ਦੱਸਿਆ ਕਿ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਪਥਰਾਅ ਕਰਨ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਜਾਵੇਗੀ। ਗੌਰਤਲਬ ਹੈ ਕਿ ਇਹ ਸਾਰੀ ਘਟਨਾ ਥਾਣਾ ਸਿਟੀ ਦੇ ਇੰਚਾਰਜ ਕਿਰਪਾਲ ਸਿੰਘ ਅਤੇ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਵਾਪਰੀ ਪਰ ਉਹ ਬੇਵੱਸ ਹੋ ਕੇ ਦੇਖਦੇ ਰਹੇ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਥਾਣਾ ਇੰਚਾਰਜ ਕਸ਼ਮੀਰ ਸਿੰਘ ਅਤੇ ਥਾਣਾ ਇੰਚਾਰਜ ਸੋਨਮਦੀਪ ਕੌਰ ਵੀ ਟੀਮ ਨਾਲ ਪੁੱਜੇ ਅਤੇ ਮਾਹੌਲ ਨੂੰ ਸ਼ਾਂਤ ਕੀਤਾ। ਨਾਇਬ ਤਹਿਸੀਲਦਾਰ ਪਵਨ ਕੁਮਾਰ ਨੇ ਦੱਸਿਆ ਕਿ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਆਖਰ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਮਾਲਕ ਦਰਬਾਰਾ ਸਿੰਘ ਪੁੱਤਰ ਅਜੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ।

error: Content is protected !!