ਰਾਹੁਲ ਗਾਂਧੀ ਦੀ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੂੰ ਮਿਲੇ ਕਾਂਗਰਸੀ ਆਗੂ, ਕੀਤੀ ਇਹ ਮੰਗ

ਰਾਹੁਲ ਗਾਂਧੀ ਦੀ ਪੰਜਾਬ ਵਿੱਚ ਯਾਤਰਾ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੂੰ ਮਿਲੇ ਕਾਂਗਰਸੀ ਆਗੂ, ਕੀਤੀ ਇਹ ਮੰਗ

ਚੰਡੀਗੜ੍ਹ (ਵੀਓਪੀ ਬਿਊਰੋ) ਭਾਰਤ ਜੋੜੋ ਯਾਤਰਾ ਉੱਤੇ ਨਿਕਲੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਲਗਾਤਾਰ ਵੱਖ-ਵੱਖ ਸੂਬਿਆਂ ਤੋਂ ਹੁੰਦੇ ਹੋਏ ਅੱਗੇ ਵੱਧ ਰਹੇ ਹਨ ਇਸ ਸਮੇਂ ਰਾਹੁਲ ਗਾਂਧੀ ਰਾਜਸਥਾਨ ਵਿੱਚ ਹਨ ਅਤੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਸ ਯਾਤਰਾ ਦੇ ਨਾਲ ਵੱਧ ਤੋਂ ਵੱਧ ਲੋਰਾਂ ਨੂੰ ਜੋੜ ਰਹੇ ਹਨ। ਇਹ ਯਾਤਰਾ ਅਗਲੇ ਮਹੀਨੇ ਜਨਵਰੀ ‘ਚ ਪੰਜਾਬ ‘ਚ ਪ੍ਰਵੇਸ਼ ਕਰੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪੰਜਾਬ ਵਿੱਚ ਯਾਤਰਾ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਸਕੇ ਅਤੇ ਆਮ ਆਦਮੀ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਰਾਜਾ ਵੜਿੰਗ ਸਮੇਤ ਰਵਨੀਤ ਬਿੱਟੂ ਅਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਹਾਜ਼ਰ ਸਨ।


ਭਾਰਤ ਜੋੜੋ ਯਾਤਰਾ ਸ਼ੰਭੂ ਸਰਹੱਦ ਤੋਂ ਪੰਜਾਬ ਵਿੱਚ ਦਾਖ਼ਲ ਹੋਵੇਗੀ। ਫਿਰ ਇਹ ਰਾਜਪੁਰਾ, ਸਰਹਿੰਦ, ਖੰਨਾ, ਲੁਧਿਆਣਾ, ਜਲੰਧਰ, ਬਿਆਸ, ਬਟਾਲਾ ਤੋਂ ਹੁੰਦੀ ਹੋਈ ਪਠਾਨਕੋਟ ਜਾਵੇਗੀ। ਇਸ ਦੌਰਾਨ ਖਾਣੇ ਦੇ ਪ੍ਰਬੰਧ ਲਈ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਯਾਤਰਾ ਸਬੰਧੀ ਮੰਗ ਪੱਤਰ ਸੌਂਪਿਆ। 10 ਜਨਵਰੀ ਤੋਂ 19 ਜਨਵਰੀ ਤੱਕ ਹਰ ਬਲਾਕ ਅਤੇ ਹਰ ਵਿਧਾਨ ਸਭਾ ਹਲਕੇ ਤੋਂ 25 ਤੋਂ 50 ਵਰਕਰ ਰਾਹੁਲ ਗਾਂਧੀ ਨਾਲ ਚੱਲਣਗੇ। ਇਸ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ।


ਉਨ੍ਹਾਂ ਨੇ ਯਾਤਰਾ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਕੋਆਰਡੀਨੇਟਰਾਂ ਨਾਲ ਮੀਟਿੰਗ ਕਰਕੇ ਹਰੇਕ ਬਲਾਕ ਤੋਂ 25 ਅਤੇ ਵਿਧਾਨ ਸਭਾ ਹਲਕੇ ਤੋਂ 50 ਵਰਕਰਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਹੈ। ਪਾਰਟੀ ਇਸ ਗੱਲ ਦੀ ਤਿਆਰੀ ਕਰ ਰਹੀ ਹੈ ਕਿ ਲਗਭਗ 5,000 ਵਰਕਰ ਹਰ ਸਮੇਂ ਰਾਹੁਲ ਗਾਂਧੀ ਦੇ ਨਾਲ ਰਹਿਣ। ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਨ। ਜਦਕਿ ਲਾਮਬੰਦੀ ਕਮੇਟੀ ਦੀ ਜ਼ਿੰਮੇਵਾਰੀ ਰਾਣਾ ਗੁਰਜੀਤ ਸਿੰਘ ਨੂੰ ਸੌਂਪੀ ਗਈ ਹੈ। ਰਾਹੁਲ ਦੇ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਵੀ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਬਟਾਲਾ ਲਿਜਾਇਆ ਜਾਵੇਗਾ।

error: Content is protected !!