ਦਿੱਲੀ ਗੁਰਦੁਆਰਾ ਕਮੇਟੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਲਈ ਹਰਿਆਣਾ ਸਰਕਾਰ ਨੂੰ ਕੀਤੀ ਅਪੀਲ

ਦਿੱਲੀ ਗੁਰਦੁਆਰਾ ਕਮੇਟੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਲਈ ਹਰਿਆਣਾ ਸਰਕਾਰ ਨੂੰ ਕੀਤੀ ਅਪੀਲ

ਨਵੀਂ ਦਿੱਲੀ, 23 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤੀ ਪੈਰੋਲ ਤੁਰੰਤ ਖਤਮ ਕੀਤੀ ਜਾਵੇ।

ਹਰਿਆਣਾ ਸਰਕਾਰ ਨੂੰ ਲਿਖੇ ਇਕ ਪੱਤਰ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਦੋ ਲੜਕੀਆਂ ਨਾਲ ਜ਼ਬਰ ਜਨਾਹ ਦਾ ਦੋਸ਼ੀ ਠਹਿਰਾਇਆ ਗਿਆ ਹੈ ਤੇ ਉਸਨੂੰ 20 ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਹੋਈ ਹੈ।ਉਹਨਾਂ ਕਿਹਾ ਕਿ ਨਿਆਂ ਪਸੰਦ ਲੋਕਾਂ ਲਈ ਇਹ ਹੈਰਾਨੀ ਵਾਲੀ ਗੱਲ ਹੈ ਕਿ ਉਹ ਨਿਯਮ ਕਾਨੂੰਨਾਂ ਦੀ ਆੜ ਵਿਚ ਕਿਵੇਂ ਵਾਰ ਵਾਰ ਪੈਰੋਲ ਹਾਸਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਜਾਏ ਉਸਨੂੰ ਪੈਰੋਲ ਦੇਣ ਦੇ ਉਸਨੂੰ ਉਸਦੀ ਸਜ਼ਾ ਮੁਤਾਬਕ ਰੱਖਿਆ ਜਾਣਾ ਚਾਹੀਦਾ ਹੈ।

ਸਰਦਾਰ ਕਾਲਕਾ ਨੇ ਕਿਹਾ ਕਿ ਪੰਜਾਬੀਆਂ ਖਾਸ ਤੌਰ ’ਤੇ ਸਿੱਖ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦੇਣ ਕਾਰਨ ਡੂੰਘੀ ਸੱਟ ਵੱਜੀ ਹੈ ਕਿਉਂਕਿ ਉਹ ਪੰਜਾਬ ਵਿਚ ਬੇਅਦਬੀ ਮਾਮਲਿਆਂ ਦਾ ਵੀ ਦੋਸ਼ੀ ਹੈ। ਉਹਨਾਂ ਕਿਹਾ ਕਿ ਉਹ ਨਾ ਸਿਰਫ ਇਹਨਾਂ ਬੇਅਦਬੀ ਕੇਸਾਂ ਦਾ ਦੋਸ਼ੀ ਹੈ ਬਲਕਿ ਉਸਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰੂਪ ਧਾਰ ਕੇ ਉਹਨਾਂ ਵਾਂਗ ਹੀ ਅੰਮ੍ਰਿਤ ਛਕਾਉਣ ਦਾ ਢੋਂਗ ਵੀ ਕੀਤਾਸੀ। ਉਸਦੀਆਂ ਕਾਰਵਾਈਆਂ ਕਾਰਨ ਸਿੱਖਾਂ ਵਿਚ ਵਿਆਪਕ ਰੋਹ ਫੈਲਿਆ ਜਿਸ ਕਾਰਨ ਪੰਜਾਬ ਸਮੇਤ ਦੇਸ਼ ਦੇ ਕਈ ਭਾਗਾਂ ਵਿਚ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚਾਲੇ ਝੜਪਾਂ ਵੀ ਹੋਈਆਂ ਹਨ।

 

ਉਹਨਾਂ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਵੇ ਤੇ ਉਸਨੁੰ ਬਿਨਾਂ ਹੋਰ ਦੇਰੀ ਦੇ ਵਾਪਸ ਰੋਹਤਕ ਜੇਲ੍ਹ ਵਿਚ ਬੰਦ ਕੀਤਾ ਜਾਵੇ। ਉਹਨਾਂ ਕਿਹਾ ਕਿ ਉਸਨੂੰ ਪੈਰੋਲ ਜਾਂ ਕੋਈ ਹੋਰ ਰਾਹਤ ਨਾ ਦਿੱਤੀ ਜਾਵੇ ਕਿਉਂਕਿ ਉਹ ਮਨੁੱਖਤਾ ਖਿਲਾਫ ਅਪਰਾਧਾਂ ਦਾ ਦੋਸ਼ੀ ਹੈ।

error: Content is protected !!