5 ਪਿੰਡਾਂ ਦੀ ਜ਼ਮੀਨ ‘ਚ ਘਪਲੇਬਾਜ਼ੀ ਦੇ ਦੋਸ਼ ‘ਚ ਸਾਬਕਾ ਵਿਧਾਇਕ ਆਇਆ ਵਿਜੀਲੈਂਸ ਦੇ ਅੜਿੱਕੇ, ਵਿਦੇਸ਼ ਭੱਜਣ ਤੋਂ ਰੋਕਣ ਲਈ ਲੁੱਕ ਆਊਟ ਨੋਟਿਸ

5 ਪਿੰਡਾਂ ਦੀ ਜ਼ਮੀਨ ‘ਚ ਘਪਲੇਬਾਜ਼ੀ ਦੇ ਦੋਸ਼ ‘ਚ ਸਾਬਕਾ ਵਿਧਾਇਕ ਆਇਆ ਵਿਜੀਲੈਂਸ ਦੇ ਅੜਿੱਕੇ, ਵਿਦੇਸ਼ ਭੱਜਣ ਤੋਂ ਰੋਕਣ ਲਈ ਲੁੱਕ ਆਊਟ ਨੋਟਿਸ

 

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੇ ਵਿਧਾਨ ਸਭਾ ਹਲਕਾ ਪਟਿਆਲਾ ਦੇ ਘਨੌਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰਾ ‘ਤੇ ਵਿਜੀਲੈਂਸ ਨੇ ਸ਼ਿਕੰਜਾ ਕੱਸ ਲਿਆ ਹੈ। ਸ਼ੰਭੂ ਬਲਾਕ ਅਧੀਨ ਪੈਂਦੇ 5 ਪਿੰਡਾਂ ਦੀ ਜ਼ਮੀਨ ਵਿੱਚ ਹੋਈ ਘਪਲੇਬਾਜ਼ੀ ਦੇ ਦੋਸ਼ ਵਿੱਚ ਜਲਾਲਪੁਰ ਦਾ ਨਾਮ ਸਾਹਮਣੇ ਆਇਆ ਹੈ।

ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਜ਼ਮੀਨ ਘੁਟਾਲੇ ਵਿੱਚ ਨਾਮ ਆਉਣ ਤੋਂ ਬਾਅਦ ਰੂਪੋਸ਼ ਹੋ ਗਿਆ ਹੈ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਵਿਜੀਲੈਂਸ ਨੇ ਜਲਾਲਪੁਰ ਦੇ ਨਾਂ ‘ਤੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ।


ਅੰਮ੍ਰਿਤਸਰ-ਕੋਲਕਾਤਾ ਕੋਰੀਡੋਰ ਲਈ ਸ਼ੰਭੂ ਬਲਾਕ ਅਧੀਨ ਪੈਂਦੇ ਪੰਜ ਪਿੰਡਾਂ ਅੱਕੀ, ਸੇਹਰਾ, ਸੇਹੜੀ, ਤਖਤੂਮਾਜਰਾ ਅਤੇ ਪੰਬਰਾਂ ਵਿੱਚ 1104 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ। ਇਸ ਜ਼ਮੀਨ ਲਈ 205 ਕਰੋੜ ਰੁਪਏ ਅਦਾ ਕੀਤੇ ਗਏ ਸਨ। ਇਸ ਤੋਂ ਇਲਾਵਾ ਪੰਚਾਇਤਾਂ ਤੋਂ ਇਹ ਜ਼ਮੀਨ ਲੈਣ ਵਾਲਿਆਂ ਨੂੰ 97.8 ਕਰੋੜ ਰੁਪਏ ਵੱਖਰੇ ਤੌਰ ‘ਤੇ ਅਦਾ ਕੀਤੇ ਗਏ ਸਨ। ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਮੀਨ ਘੁਟਾਲੇ ਸਬੰਧੀ ਪਿਛਲੇ ਸਾਲ 26 ਮਈ ਨੂੰ ਰੇਂਜ ਦਫ਼ਤਰ ਪਟਿਆਲਾ ਵਿਖੇ ਕੇਸ ਦਰਜ ਕੀਤਾ ਸੀ।

ਇਸ ਮਾਮਲੇ ਵਿੱਚ ਵਿਜੀਲੈਂਸ ਨੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ 34 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਵਿਜੀਲੈਂਸ ਨੇ 34 ਵਿਅਕਤੀਆਂ ਦੇ ਨਾਲ-ਨਾਲ 10 ਫਰਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਜ਼ਮੀਨ ਐਕੁਆਇਰ ਕਰਕੇ ਪੰਚਾਇਤਾਂ ਨੂੰ 205 ਕਰੋੜ ਰੁਪਏ ਮਿਲੇ ਸਨ। ਉਨ੍ਹਾਂ ਨੇ ਉਥੇ ਵਿਕਾਸ ਕਾਰਜ ਕਰਵਾਏ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਹੀ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ। ਇਸ ਘੁਟਾਲੇ ਵਿੱਚ ਠੇਕੇ ’ਤੇ ਕੰਮ ਕਰਨ ਵਾਲੀ ਇੱਕ ਕੰਪਨੀ ਨੇ ਵਿਜੀਲੈਂਸ ਬਿਊਰੋ ਕੋਲ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਸ ਨੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਕਮਾਏ ਪੈਸੇ ਦਾ ਹਿੱਸਾ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਈ ਸਾਬਕਾ ਕਾਂਗਰਸੀ ਮੰਤਰੀਆਂ ਦੇ ਘਰਾਂ ਅਤੇ ਉਨ੍ਹਾਂ ਦੇ ਹੋਰ ਟਿਕਾਣਿਆਂ ‘ਤੇ ਤਲਾਸ਼ੀ ਲੈਣ ਸਮੇਤ ਇਮਾਰਤਾਂ ਦੀ ਰੇਡ ਕੀਤੀ ਜਾ ਚੁੱਕੀ ਹੈ।

error: Content is protected !!