ਭਗਵੰਤ ਮਾਨ ਤੋਂ ਵਿਧਾਨ ਸਭਾ ‘ਚ ਮੰਗਿਆ ਜਾਵੇਗਾ ਜਵਾਬ, ਅਸ਼ਵਨੀ ਸ਼ਰਮਾ ਨੇ ਪੜ੍ਹੋ ਕਿਸ ਕਰਕੇ ਕਹੀ ਇਹ ਗੱਲ

ਭਗਵੰਤ ਮਾਨ ਤੋਂ ਵਿਧਾਨ ਸਭਾ ‘ਚ ਮੰਗਿਆ ਜਾਵੇਗਾ ਜਵਾਬ, ਅਸ਼ਵਨੀ ਸ਼ਰਮਾ ਨੇ ਪੜ੍ਹੋ ਕਿਸ ਕਰਕੇ ਕਹੀ ਇਹ ਗੱਲ

ਚੰਡੀਗੜ੍ਹ (ਵੀਓਪੀ ਬਿਊਰੋ) ਦੇਸ਼ ਦੇ ਪੂਰਬੀ ਰਾਜਾਂ ਦੇ ਚੋਣ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਨੂੰ ਲੈ ਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਪੰਜਾਬ ਦੇ ਸੂਬਾਈ ਅਹੁਦੇਦਾਰਾਂ ਅਤੇ ਵਰਕਰਾਂ ਨੇ ਮਿਲ ਕੇ ਭਾਜਪਾ ਮੁਖ ਦਫਤਰ ਚੰਡੀਗੜ੍ਹ ਵਿਖੇ ਉਲੀਕੇ ਗਏ ਪ੍ਰੋਗਰਾਮ ਦੌਰਾਨ ਢੋਲ ਦੀ ਥਾਪ ‘ਤੇ ਨੱਚਦੇ ਹੋਏ ਲੱਡੂ ਵੰਡ ਕੇ ਭਾਜਪਾ ਦੀ ਜਿੱਤ ਦਾ ਜਸ਼ਨ ਮਨਾਇਆ।

ਅਸ਼ਵਨੀ ਸ਼ਰਮਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰਬੀ ਰਾਜਾਂ ‘ਚ ਭਾਜਪਾ ਦੀ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਵਿਕਾਸ ਦੀ ਜਿੱਤ ਹੈ ਅਤੇ ਉੱਥੋਂ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਵਿਕਾਸ ਦੀਆਂ ਨੀਤੀਆਂ ‘ਤੇ ਭਰੋਸਾ ਪ੍ਰਗਟਾਇਆ ਅਤੇ ਉਨ੍ਹਾਂ ਦਾ ਸਮਰਥਨ ਕਰਦਿਆਂ ਆਪਣੀ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਮੇਘਾਲਿਆ ਵਿੱਚ ਵੀ ਭਾਜਪਾ ਦਾ ਵੋਟ ਸ਼ੇਅਰ ਵਧਿਆ ਹੈ। ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਅੰਤ ਪਿਆਰ ਕਰਦੇ ਹਨ, ਜਿਨ੍ਹਾਂ ਦੀ ਅਗਵਾਈ ਵਿੱਚ ਦੇਸ਼ ਵਿੱਚ ਵਿਕਾਸ ਦੀ ਧਾਰਾ ਵਗ ਰਹੀ ਹੈ। ਕੇਂਦਰੀ ਲੀਡਰਸ਼ਿਪ, ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਦੀ ਸਖ਼ਤ ਮਿਹਨਤ ਦਾ ਨਤੀਜਾ ਇਹ ਹੋਇਆ ਹੈ ਕਿ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਹੈ। ਇਹ ਸਿਲਸਿਲਾ ਰਾਜਾਂ ਦੀਆਂ ਆਗਾਮੀ ਚੋਣਾਂ ਵਿੱਚ ਵੀ ਜਾਰੀ ਰਹੇਗਾ ਅਤੇ 2024 ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਕੇਂਦਰ ਵਿੱਚ ਵੀ ਫਿਰ ਸਰਕਾਰ ਬਨਾਏਗੀ ਅਤੇ ਦੇਸ਼ ਦੇ ਵਿਕਾਸ ਦੀ ਕਹਾਣੀ ਲਗਾਤਾਰ ਲਿਖੀ ਜਾਵੇਗੀ।

ਅਸ਼ਵਨੀ ਸ਼ਰਮਾ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਤੇ ਗਲਬਾਤ ਕਰਦਿਆਂ ਕਿਹਾ ਕਿ ਜੋ ਲੋਕ ਦੇਸ਼ ਨੂੰ ਤੋੜਨ ਲਈ ਜ਼ਿੰਮੇਵਾਰ ਹਨ, ਉਹਨਾਂ ਲੋਕਾਂ ਦੇ ਮੂਹੋਂ ਦੇਸ਼ ਨੂੰ ਇਕਜੁੱਟ ਕਰਨ ਦੀ ਗੱਲ ਚੰਗੀ ਨਹੀਂ ਲੱਗਦੀ। ਅੰਮ੍ਰਿਤਪਾਲ ਸਿੰਘ ‘ਤੇ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਜਨਾਲਾ ਮਾਮਲੇ ‘ਚ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਪਵੇਗੀ। ਪੰਜਾਬ ਪਹਿਲਾਂ ਹੀ ਅੱਤਵਾਦ ਦੇ ਭਿਆਨਕ ਦੌਰ ‘ਚ ਪੰਜਾਬੀਆਂ ਦੇ ਖੂਨ ਦੀ ਹੋਲੀ ਖੇਡ ਚੁੱਕਾ ਹੈ, ਜਿਸ ਦੇ ਜ਼ਖਮ ਅਜੇ ਵੀ ਲੋਕਾਂ ਦੇ ਮਨਾਂ ‘ਚ ਤਾਜ਼ਾ ਹਨ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਨੂੰ ਮੁੜ ਸੂਬੇ ਨੂੰ ਉਸੇ ਕਾਲੇ ਦੌਰ ‘ਚ ਧੱਕਣ ‘ਤੇ ਤੁਲੀ ਹੋਈ ਹੈ। ਪੰਜਾਬ ਅਤੇ ਭਾਜਪਾ ਕਦੇ ਵੀ ਇਹ ਸਵੀਕਾਰ ਨਹੀਂ ਕਰੇਗੀ ਕਿ ਵਿਦੇਸ਼ ‘ਤੋਂ ਕੋਈ ਵਿਅਕਤੀ ਇੱਥੇ ਆ ਕੇ ਪੰਜਾਬ ਦੇ ਭਾਈਚਾਰਕ ਅਤੇ ਸ਼ਾਂਤਮਈ ਮਾਹੌਲ ਨੂੰ ਅੱਗ ਲਾਵੇ, ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲਵੇ ਅਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੇ। ਸੂਬੇ ਵਿੱਚ ਅਮਨ-ਕਾਨੂੰਨ ਕਾਇਮ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦਾ ਮੁੱਢਲਾ ਫਰਜ਼ ਹੈ, ਜਿਸ ਵਿੱਚ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਜੇਕਰ ਭਗਵੰਤ ਮਾਨ ਸਰਕਾਰ ਅਜਿਹਾ ਨਹੀਂ ਕਰਦੀ ਹੈ ਤਾਂ ਭਾਜਪਾ ਇਸ ਲਈ ਭਗਵੰਤ ਮਾਨ ਸਰਕਾਰ ਨੂੰ ਮਜ਼ਬੂਰ ਕਰੇਗੀ। ਸ਼ਰਮਾ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਅਜਨਾਲਾ ਥਾਣਾ ਕਾਂਡ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਵਿਧਾਨ ਸਭਾ ਵਿੱਚ ਜਵਾਬ ਦੇਣਾ ਹੋਵੇਗਾ।

ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਵੱਲੋਂ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਮੁਹੱਲਾ ਕਲੀਨਿਕਾਂ ਵਿੱਚ ਟੈਸਟ ਕਰਨ ਵਾਲੀ ਕੰਪਨੀ ਨੇ ਵੀ ਭਗਵੰਤ ਮਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਪਣਾ ਕੰਮ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕੇਜਰੀਵਾਲ ਨੂੰ ਖੁਸ਼ ਕਰਨ ਲਈ ਪੁਰਾਣੀਆਂ ਡਿਸਪੈਂਸਰੀਆਂ ਆਦਿ ਦਾ ਨਵੀਨੀਕਰਨ ਕਰਕੇ ਅਤੇ ਉਨ੍ਹਾਂ ਦਾ ਨਾਂ ਬਦਲ ਕੇ ਮੁਹੱਲਾ ਕਲੀਨਿਕ ਬਣਾਏ ਗਏ ਹਨ, ਜਦਕਿ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਲਈ ਭੇਜੇ ਗਏ ਫੰਡ ਖੁਰਦ-ਪੁਰਦ ਕੀਤੇ ਗਏ ਹਨ। ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਮੁਹੱਲਾ ਕਲੀਨਿਕ ਖੋਲ੍ਹਣ ‘ਤੇ 10 ਕਰੋੜ ਅਤੇ ਇਨ੍ਹਾਂ ਦੇ ਇਸ਼ਤਿਹਾਰਾਂ ‘ਤੇ 40 ਕਰੋੜ ਰੁਪਏ ਖਰਚ ਕੀਤੇ ਹਨ। ਭਗਵੰਤ ਮਾਨ ਸਰਕਾਰ ਅਤੇ ਕੇਜਰੀਵਾਲ ਸਰਕਾਰ ਸਿਰਫ਼ ਇਸ਼ਤਿਹਾਰਾਂ ਦੀਆਂ ਸਰਕਾਰਾਂ ਹਨ, ਜਿਨ੍ਹਾਂ ਦੀ ਜ਼ਮੀਨੀ ਹਕੀਕਤ ਕੁਝ ਵੀ ਨਹੀਂ ਹੈ। ਇਹ ਲੋਕ ਹਵਾ ਵਿੱਚ ਕਿਲੇ ਬਣਾ ਕੇ ਹਵਾਈ ਗੱਲਾਂ ਕਰਦੇ ਹਨ। ਇਸ ਮੌਕੇ ਸੂਬਾ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ, ਸੂਬਾ ਖਜਾਨਚੀ ਗੁਰਦੇਵ ਸ਼ਰਮਾ ਦੇਬੀ ਆਦਿ ਵੀ ਹਾਜ਼ਰ ਸਨ।

error: Content is protected !!