ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਮਿਰਜ਼ਾਜਾਨ ਨੂੰ ਸੰਗਤਾਂ ਦੇ ਸਪੁਰਦ ਕੀਤਾ

ਉੱਘੇ ਇਤਿਹਾਸਕਾਰਾਂ, ਵਿਦਵਾਨਾਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਦਘਾਟਨੀ ਸਮਾਰੋਹ ਮੌਕੇ ਹਾਜ਼ਰੀ ਭਰੀ

ਇਤਿਹਾਸਕਾਰ ਡਾ. ਸੁਖਦਿਆਲ ਸਿੰਘ ਅਤੇ ਡਾ. ਬਲਵੰਤ ਸਿੰਘ ਢਿਲੋਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਉੱਪਰ ਖੋਜ਼ ਪਰਚੇ ਪੜ੍ਹੇ

ਗੁਰਦਾਸਪੁਰ, 12 ਮਾਰਚ ( ਸੰਦੀਪ ਸਿੰਘ ਸਹੋਤਾ ) – ਵਿਰਾਸਤੀ ਮੰਚ ਬਟਾਲਾ ਵੱਲੋਂ ਪਿੰਡ ਮਿਰਜ਼ਾਜਾਨ ਵਿਖੇ ਤਿਆਰ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਨੂੰ ਅੱਜ ਸੰਗਤਾਂ ਦੇ ਸਪੁਰਦ ਕੀਤਾ ਗਿਆ। ਇਸ ਯਾਦਗਾਰ ਦਾ ਉਦਘਾਟਨ ਉੱਘੇ ਇਤਿਹਾਸਕਾਰ ਪ੍ਰੋ. ਸੁਖਦਿਆਲ ਸਿੰਘ ਅਤੇ ਡਾ. ਬਲਵੰਤ ਸਿੰਘ ਢਿਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਇਲਾਕੇ ਦੇ ਮੋਹਤਬਰ ਵੀ ਹਾਜ਼ਰ ਸਨ।

ਇਸ ਲਾਇਬ੍ਰੇਰੀ ਅਤੇ ਮਿਊਜ਼ੀਅਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਅਤੇ ਸੰਘਰਸ਼ ਨੂੰ ਦਰਸਾਉਂਦੇ ਚਿੱਤਰ ਲਗਾਏ ਗਏ ਹਨ, ਇਸਤੋਂ ਇਲਾਵਾ ਪੰਜਾਬ ਤੇ ਸਿੱਖ ਦੇ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਬਾਰੇ ਪ੍ਰਕਾਸ਼ਤ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਨੂੰ ਲਾਇਬ੍ਰੇਰੀ ਵਿੱਚ ਰੱਖਿਆ ਗਿਆ ਹੈ।

ਯਾਦਗਾਰ ਦੇ ਉਦਘਾਟਨ ਤੋਂ ਬਾਅਦ ਪਿੰਡ ਮਿਰਜ਼ਾਜਾਨ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪਹੁੰਚੇ ਇਤਿਹਾਸਕਾਰ ਪ੍ਰੋ. ਸੁਖਦਿਆਲ ਸਿੰਘ ਅਤੇ ਡਾ. ਬਲਵੰਤ ਸਿੰਘ ਢਿਲੋਂ ਵੱਲੋਂ ਬਾਬਾ ਬੰਦਾ ਸਿੰਘ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ।
ਪ੍ਰੋ. ਸੁਖਦਿਆਲ ਸਿੰਘ ਨੇ ਕਿਹਾ ਕਿ ਪਿੰਡ ਮਿਰਜ਼ਾਜਾਨ ਸਮੇਤ ਮਾਝੇ ਦੇ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਆਖਰੀ ਜੰਗਾਂ ਹੋਈਆਂ ਸਨ ਅਤੇ ਇਹ ਸਰਜ਼ਮੀਨ ਸਿੱਖ ਯੋਧਿਆਂ ਦੇ ਖੂਨ ਨਾਲ ਰੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮਿਰਜ਼ਾਜਾਨ ਦੀ ਧਰਤੀ `ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਿਲ੍ਹਾ ਅੱਜ ਵੀ ਉਨ੍ਹਾਂ ਦੀ ਬਹਾਦਰੀ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਇਸ ਇਤਿਹਾਸਕ ਕਿਲ੍ਹੇ ਦੀ ਸੰਭਾਲ ਲਈ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਤੇ ਧਾਰਮਿਕ ਸੰਸਥਾਵਾਂ ਨੂੰ ਇਸ ਲਈ ਅੱਗੇ ਆਉਣਾ ਚਾਹੀਦਾ ਹੈ।

ਪ੍ਰੋ. ਬਲਵੰਤ ਸਿੰਘ ਢਿਲੋਂ ਨੇ ਆਪਣੇ ਸੰਬੋਧਨ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦੀ ਯੁੱਧ ਨੀਤੀ ਅਤੇ ਇਸ ਖਿੱਤੇ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਉਹ ਮਹਾਨ ਯੋਧਾ ਸੀ ਜਿਸ ਨੇ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਸਿੱਖ ਰਾਜ ਕਾਇਮ ਕੀਤਾ ਸੀ। ਉਨ੍ਹਾਂ ਕਿਹਾ ਕਿ ਬਾਬਾ ਜੀ ਦੀ ਬਹਾਦਰੀ ਤੇ ਕੁਰਬਾਨੀ ਲਾਮਿਸਾਲ ਹੈ ਜਿਸਦੀ ਇਤਿਹਾਸ ਵਿੱਚ ਦੂਸਰੀ ਉਦਾਹਰਨ ਨਹੀਂ ਮਿਲਦੀ। ਡਾ. ਢਿਲੋਂ ਨੇ ਕਿਹਾ ਕਿ ਪਿੰਡ ਮਿਰਜ਼ਾਜਾਨ ਵਿਖੇ ਬਣੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਹੁਤ ਵਧੀਆ ਉਪਰਾਲਾ ਹੈ ਅਤੇ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਨਾਲ ਜੁੜ ਸਕੇਗੀ।

ਇਸ ਮੌਕੇ ਭਾਈ ਸੁਖਦੇਵ ਸਿੰਘ (ਅਮਰੀਕਾ ਵਾਲੇ) ਨੇ ਵੀ ਆਪਣੇ ਸਾਂਝੇ ਕਰਦਿਆਂ ਕਿਹਾ ਕਿ ਇਤਿਹਾਸਕ ਇਮਾਰਤਾਂ ਜ਼ਿੰਦਾ ਇਤਿਹਾਸ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਸੰਭਾਲ ਕਰਨੀ ਸਾਡਾ ਇਖਲਾਕੀ ਫਰਜ ਹੈ। ਉਨ੍ਹਾਂ ਕਿਹਾ ਕਿ ਪਿੰਡ ਮਿਰਜ਼ਾਜਾਨ ਵਿਖੇ ਬਣੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਦਾ ਪ੍ਰਚਾਰ ਤੇ ਪਸਾਰ ਕੀਤਾ ਜਾਵੇਗਾ।

ਇਸ ਮੌਕੇ ਨਰੈਣ ਸਿੰਘ, ਸ. ਹਰਵਿੰਦਰ ਸਿੰਘ ਖ਼ਾਲਸਾ, ਸ. ਮਨਜੀਤ ਸਿੰਘ ਭੋਮਾ, ਐਡਵੋਕੇਟ ਐੱਚ.ਐੱਸ. ਮਾਂਗਟ, ਸ. ਗੁਰਿੰਦਰ ਸਿੰਘ ਸ਼ਾਮਪੁਰਾ, ਸ. ਸੁੱਚਾ ਸਿੰਘ ਛੋਟੇਪੁਰ, ਸ. ਰਾਜਪ੍ਰੀਤ ਸਿੰਘ ਢਿਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵਾਂ ਸ਼ਹਿਰ ਤੋਂ ਮੈਂਬਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਸ. ਕੁਲਦੀਪ ਸਿੰਘ ਬਾਜਵਾ ਅਤੇ ਸ. ਇੰਦਰਜੀਤ ਸਿੰਘ ਹਰਪੁਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ ਦੀ ਅਗਵਾਈ ਹੇਠ ਮੰਚ ਦੇ ਅਹੁਦੇਦਾਰਾਂ ਵੱਲੋਂ ਆਏ ਹੋਏ ਵਿਦਵਾਨਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰ ਸ. ਗੁਰਨਾਮ ਸਿੰਘ ਜੱਸਲ, ਸ. ਅਜੀਤ ਸਿੰਘ ਰੰਧਾਵਾ, ਸ. ਸੁਖਦੇਵ ਸਿੰਘ ਫੈਜ਼ਪੁਰਾ, ਸ. ਕੁਲਵਿੰਦਰ ਸਿੰਘ ਲਾਡੀ ਜੱਸਲ, ਵੈਬੀਜੋਤ ਸਿੰਘ ਕਾਹਲੋਂ, ਪ੍ਰੋ. ਜਸਬੀਰ ਸਿੰਘ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਗੁਰਦਰਸ਼ਨ ਸਿੰਘ, ਅਨੁਰਾਗ ਮਹਿਤਾ, ਜਰਮਨਜੀਤ ਸਿੰਘ, ਡਾ. ਮਲਵਿੰਦਰ ਸਿੰਘ, ਅਮਰਬੀਰ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਮੱਲੀ, ਬਰਜਿੰਦਰ ਸਿੰਘ ਹੁਸੈਨਪੁਰ, ਆਸਾ ਸਿੰਘ, ਸੁਖਦੇਵ ਸਿੰਘ ਹਰਪੁਰਾ, ਸ. ਪ੍ਰਵੀਨ ਸਿੰਘ, ਆਰਕੀਟੈਕਟ ਅਸ਼ੋਕ ਕੁਮਾਰ, ਰਾਜਬੀਰ ਸਿੰਘ, ਸ. ਸੁਰਜੀਤ ਸਿੰਘ, ਪ੍ਰਿੰਸੀਪਲ ਮਨੋਜ ਕੁਮਾਰ, ਹਰਭਜਨ ਸਿੰਘ, ਸਵਿੰਦਰ ਸਿੰਘ ਭਾਗੋਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਹਾਜ਼ਰ ਸੀ।

error: Content is protected !!