ਅੰਮ੍ਰਿਤਪਾਲ ਤੇ ਉਸਦੇ ਸਾਥੀਆ ‘ਤੇ ਪੰਜਾਬ ਸਰਕਾਰ ਕਰੇ ਸਖਤ ਕਾਰਵਾਈ : ਫਤਿਹਜੰਗ ਸਿੰਘ ਬਾਜਵਾ
ਜਲੰਧਰ (ਵੀਓਪੀ ਬਿਊਰੋ) ਪੰਜਾਬ ਭਾਜਪਾ ਦੇ ਸੂਬਾਈ ਵਾਈਸ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ ਸਿੰਘ ਬਾਜਵਾ ਨੇ ਜਿਲਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਉਲੀਕੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬੜੇ ਚਿੰਤਾਜਨਕ ਬਣ ਚੁੱਕੇ ਹਨ। ਗੈੰਗਸਟਰ ਅਤੇ ਵੱਖਵਾਦੀ ਤਾਕਤਾਂ ਬੇਲਗਾਮ ਹੋ ਕੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਲੋਕਾਂ ‘ਚ ਡਰ ਅਤੇ ਸਹਿਮ ਦਾ ਮਾਹੌਲ ਬਣ ਚੁੱਕਾ ਹੈ।
ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਜਿੰਨਾ ਪੁਲਿਸ ਥਾਣੇ ਤੇ ਕਬਜ਼ਾ ਕਰਕੇ ਪੰਜਾਬ ਪੁਲਿਸ ਤੇ ਹਮਲਾ ਕੀਤਾ ਤੇ ਪੰਜਾਬ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਾਇਆ, ਪੰਜਾਬ ਸਰਕਾਰ ਸਾਰਿਆਂ ਖਿਲਾਫ਼ ਤੁਰੰਤ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਹਨਾਂ ਨੂੰ ਗਿਰਫਤਾਰ ਕਰੇ। ਉਹਨਾਂ ਨੇ ਕਿਹਾ ਕਿ ਡੀਜੀਪੀ ਨੇ ਖੁਦ ਦੱਸਿਆ ਕਿ ਹਥਿਆਰਾਂ ਦੇ ਜ਼ੋਰ ਤੇ ਥਾਣੇ ਤੇ ਕਬਜ਼ਾ ਕੀਤਾ ਗਿਆ ਤੇ ਪੁਲਿਸ ਦੀ ਕੁੱਟ-ਮਾਰ ਕੀਤੀ ਗਈ, ਪਰ 17 ਦਿਨ ਬੀਤ ਜਾਣ ਦੇ ਬਾਅਦ ਵੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜਿਸ ਤਰਾਂ ਸਰਕਾਰ ਨੇ ਵੱਖਵਾਦੀ ਤੇ ਸ਼ਮਾਜ ਵਿਰੋਧੀ ਅਨਸਰਾਂ ਨੂੰ ਇਕੱਠੇ ਹੋਣ ਦਿੱਤਾ ਅਤੇ ਉਹਨਾਂ ਨੂੰ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੀ ਖੁੱਲ ਦਿੱਤੀ, ਉਸ ਨਾਲ ਭਗਵੰਤ ਮਾਨ ਦੀ ਸਰਕਾਰ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਉਹਨਾਂ ਕਿਹਾ ਕਿ ਜਿਸ ਤਰਾਂ ਅੰਮ੍ਰਿਤਪਾਲ ਤੇ ਉਸਦੇ ਸਾਥੀ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਧੜੱਲੇ ਨਾਲ ਖੁਲੇਆਮ ਘੁੰਮ ਰਹੇ ਹਨ, ਇਸ ਨਾਲ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹੋਣਗੇ ਤੇ ਕਾਨੂੰਨ ਦਾ ਡਰ ਖਤਮ ਹੋ ਜਾਵੇਗਾ, ਜੋ ਕਿ ਸਾਰੀਆਂ ਲਈ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਤਰਾਂ ਵੱਖਵਾਦੀ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਘਟਨਾ ਨੂੰ ਅੰਜਾਮ ਦਿੱਤਾ ਇਹ ਵੀ ਇੱਕ ਵੱਡੀ ਬੇਅਦਬੀ ਹੈ। ਇਸ ਨੇ ਸਮੁੱਚੇ ਸਿੱਖ ਜਗਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਾਰੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰੇ। ਇਸ ਮੌਕੇ ਸੂਬਾ ਸਕੱਤਰ ਅਨਿਲ ਸੱਚਰ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸੂਬਾਈ ਬੁਲਾਰੇ ਮਹਿੰਦਰ ਭਗਤ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ ਆਦਿ ਹਾਜ਼ਰ ਸਨ।