ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਵੱਡਾ ਇਕੱਠ ਕਰਨ ਦੀ ਤਿਆਰੀ ਵਿੱਚ ਕਿਸਾਨ, ਕੇਂਦਰ ਸਰਕਾਰ ਨੂੰ ਹਲੁਣਾ ਦੇਣ ਦੀ ਕੀਤੀ ਤਿਆਰੀ

ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਵੱਡਾ ਇਕੱਠ ਕਰਨ ਦੀ ਤਿਆਰੀ ਵਿੱਚ ਕਿਸਾਨ, ਕੇਂਦਰ ਸਰਕਾਰ ਨੂੰ ਹਲੁਣਾ ਦੇਣ ਦੀ ਕੀਤੀ ਤਿਆਰੀ

ਨਵੀਂ ਦਿੱਲੀ (ਵੀਓਪੀ ਬਿਊਰੋ) ਇਕ ਪਾਸੇ ਜਿੱਥੇ ਪੰਜਾਬ ਦਾ ਮਾਹੌਲ ਪਹਿਲਾਂ ਹੀ ਭੱਖਿਆ ਹੋਇਆ ਹੈ, ਉੱਥੇ ਹੀ ਹੁਣ ਕਿਸਾਨਾਂ ਨੇ ਦਿੱਲੀ ਵਿੱਚ ਵੀ ਸਰਕਾਰ ਖਿਲਾਫ ਮੁੜ ਧਰਨਾ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਕੇਂਦਰ ਸਰਕਾਰ ‘ਤੇ ਆਪਣੇ ਵਾਅਦਿਆਂ ਤੋਂ ਮੁੱਕਰ ਜਾਣ ਦਾ ਦੋਸ਼ ਲਾਉਂਦਿਆਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 2024 ਦੀਆਂ ਚੋਣਾਂ ‘ਚ ਸਾਰੀਆਂ ਪਾਰਟੀਆਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਨਾਲ ਹੀ ਕਿਹਾ ਕਿ ਜੇਕਰ ਪੁਲਿਸ ਕਿਸਾਨਾਂ ਨੂੰ ਮਹਾਂਪੰਚਾਇਤ ਵਿਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਮੁਸ਼ਕਿਲਾਂ ਵਧ ਸਕਦੀਆਂ ਹਨ।

 

ਇਸ ਦੌਰਾਨ ਕਿਸਾਨਾਂ ਨੇ ਦਿੱਲੀ ਦੀ ਰਾਮ ਲੀਲਾ ਮੈਦਾਨ ਵਿੱਚ ਵੱਡਾ ਇਕੱਠ ਕਰਨਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂਆਂ ਦਾ ਇੱਕ ਵਫ਼ਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਮਿਲਣ ਪਹੁੰਚ ਗਿਆ ਹੈ। ਅੱਜ ਕਿਸਾਨ ਮਹਾਪੰਚਾਇਤ ਦੇ ਮੱਦੇਨਜ਼ਰ ਰਾਮਲੀਲਾ ਮੈਦਾਨ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਹੈ। ਸੋਮਵਾਰ ਨੂੰ ਰਾਮਲੀਲਾ ਮੈਦਾਨ ‘ਚ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ। ਅਜਿਹੇ ‘ਚ ਪੁਲਿਸ ਨੂੰ ਖਦਸ਼ਾ ਹੈ ਕਿ ਕਿਸਾਨ ਨਵੀਂ ਦਿੱਲੀ ਪਹੁੰਚ ਸਕਦੇ ਹਨ। ਅਜਿਹੇ ‘ਚ ਨਵੀਂ ਦਿੱਲੀ ਦੀਆਂ ਸਰਹੱਦਾਂ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ।

ਕੇਂਦਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪੁਲਿਸ ਸੰਜੇ ਕੁਮਾਰ ਸੈਨ ਨੇ ਦੱਸਿਆ ਕਿ ਕਿਸਾਨਾਂ ਦੀ ਮਹਾਂਪੰਚਾਇਤ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਕਰੀਬ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਜ਼ਿਲ੍ਹੇ ਦੇ ਸੀਨੀਅਰ ਪੁਲੀਸ ਅਧਿਕਾਰੀ ਸਥਿਤੀ ’ਤੇ ਨਜ਼ਰ ਰੱਖਣਗੇ।

ਸੋਮਵਾਰ ਨੂੰ ਰਾਮਲੀਲਾ ਮੈਦਾਨ ‘ਚ ਹੋਣ ਜਾ ਰਹੀ ਕਿਸਾਨ ਮਹਾਪੰਚਾਇਤ ਕਾਰਨ ਨਵੀਂ ਦਿੱਲੀ, ਦੱਖਣੀ ਦਿੱਲੀ ਅਤੇ ਪੁਰਾਣੀ ਦਿੱਲੀ ‘ਚ ਟ੍ਰੈਫਿਕ ਜਾਮ ਹੋ ਸਕਦਾ ਹੈ। ਰੈਲੀ ਵਿੱਚ 15 ਤੋਂ 20 ਹਜ਼ਾਰ ਕਿਸਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਰਣਜੀਤ ਸਿੰਘ ਫਲਾਈਓਵਰ, ਰਾਮਲੀਲਾ ਮੈਦਾਨ ਨੇੜੇ ਸੜਕ ਅਤੇ ਦਿੱਲੀ ਗੇਟ ਤੋਂ ਅਜਮੇਰੀ ਗੇਟ ਚੌਕ ਤੱਕ ਜੇਐਲਐਨ ਸੜਕ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਗਿਣਤੀ ਨੂੰ ਦੇਖਦਿਆਂ ਟਰੈਫਿਕ ਬਦਲਿਆ ਜਾ ਸਕਦਾ ਹੈ ਅਤੇ ਕਈ ਰਸਤੇ ਬੰਦ ਕੀਤੇ ਜਾ ਸਕਦੇ ਹਨ। ਐਸ.ਕੇ.ਐਮ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕਾਰਪੋਰੇਟਾਂ ਨਾਲ ਮਿਲ ਕੇ ਵਿਕਾਸ ’ਤੇ ਜ਼ੋਰ ਦੇਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਕਮੀ ਆ ਰਹੀ ਹੈ। ਕਾਰਪੋਰੇਟ ਘਰਾਣੇ ਆਪਣੇ ਫਾਇਦੇ ਲਈ ਖੇਤੀ, ਜੰਗਲ ਅਤੇ ਕੁਦਰਤੀ ਸਰੋਤਾਂ ਨੂੰ ਖੋਹਣ ਵੱਲ ਵਧ ਰਹੇ ਹਨ।

error: Content is protected !!