ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਅਗਲੇ ਚਾਰ ਦਿਨ ਪਵੇਗਾ ਮੀਂਹ, ਅੰਨਦਾਤਾ ਮੁੜ ਚਿੰਤਾ ਵਿਚ

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਅਗਲੇ ਚਾਰ ਦਿਨ ਪਵੇਗਾ ਮੀਂਹ, ਅੰਨਦਾਤਾ ਮੁੜ ਚਿੰਤਾ ਵਿਚ


ਵੀਓਪੀ ਬਿਊਰੋ, ਚੰਡੀਗੜ੍ਹ- ਮੌਸਮ ਵਿਭਾਗ ਨੇ ਪੰਜਾਬ ਵਿਚ ਮੁੜ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਸੂਬੇ ਵਿਚ ਅਗਲੇ ਚਾਰ ਦਿਨਾਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮੀਂਹ ਪੈਣ ਨਾਲ ਤਾਪਮਾਨ ਮੁੜ ਡਿਗੇਗਾ ਤੇ ਮਾਰਚ ਮਹੀਨੇ ਠੰਢ ਦਾ ਅਹਿਸਾਸ ਜਾਰੀ ਰਹੇਗਾ। ਬੀਤੇ ਦਿਨਾਂ ਵਿਚ ਵੀ ਦੋ ਦਿਨ ਲਗਾਤਾਰ ਪਏ ਮੀਂਹ ਕਾਰਨ ਮੌਸਮ ਤਾਂ ਠੰਢਾ ਹੋਇਆ ਹੀ ਸੀ, ਮੀਂਹ ਤੇ ਹਨੇਰੀ ਨਾਲ ਕਿਸਾਨਾਂ ਦੀਆਂ ਫਸਲਾਂ ਖੇਤਾਂ ਵਿਚ ਵਿਛ ਗਈਆਂ ਸਨ। ਫਸਲਾਂ ਦਾ ਨੁਕਸਾਨ ਹੋਣ ਕਾਰਨ ਕਿਸਾਨ ਵੀ ਚਿੰਤਾ ਵਿਚ ਡੁੱਬ ਗਏ ਸਨ।


ਹੁਣ ਮੁੜ ਮੌਸਮ ਵਿਭਾਗ ਨੇ ਪੰਜਾਬ ਦੇ ਫਰੀਦਕੋਟ, ਫਿਰੋਜ਼ਪੁਰ, ਫਾਜ਼ਲਿਕਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਅਗਲੇ 4 ਦਿਨਾਂ ਤੱਕ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਇਲਾਕਿਆਂ ‘ਚ 30 ਮਾਰਚ ਤੋਂ 2 ਅਪ੍ਰੈਲ ਤੱਕ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਦੀ ਭਵਿੱਖਬਾਣੀ ਨਾਲ ਕਿਸਾਨਾਂ ਦੀ ਚਿੰਤਾ ਮੁੜ ਵਧ ਗਈ ਹੈ। ਉਨ੍ਹਾਂ ਨੂੰ ਆਪਣੀ ਕਣਕ ਦੀ ਫਸਲ ਖਰਾਬ ਹੋਣ ਦਾ ਡਰ ਸਤਾਉਣ ਲੱਗਾ ਹੈ।
ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਕਿਸਾਨਾਂ ਲਈ ਨਿਸ਼ਚਿਤ ਤੌਰ ‘ਤੇ ਪ੍ਰੇਸ਼ਾਨੀ ਵਾਲੀ ਹੈ, ਭਾਵੇਂ ਕਿ ਕਿਸਾਨਾਂ ਦੀ ਵੱਡੀ ਪੱਧਰ ‘ਤੇ ਫ਼ਸਲ ਬਰਬਾਦ ਹੋ ਚੁੱਕੀ ਹੈ, ਪਰ ਅਜਿਹੇ ‘ਚ ਜੇਕਰ ਇੱਕ ਵਾਰ ਹੋਰ ਮੀਂਹ ਪੈਂਦਾ ਹੈ ਤਾਂ ਫ਼ਸਲਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਵੇਗਾ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਮੀਂਹ ਕਾਰਨ ਕਿਸਾਨਾਂ ਦੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਮੁਆਵਜ਼ੇ ਦਾ ਐਲਾਨ ਕਰ ਚੁੱਕੇ ਹਨ, ਜਿਸ ਤਹਿਤ ਸਰਕਾਰੀ ਤੰਤਰ ਨੇ ਨੁਕਸਾਨ ਦੀ ਭਰਪਾਈ ਦਾ ਕੰਮ ਤੇਜ਼ ਕਰ ਦਿੱਤਾ ਹੈ।


ਦੱਸਦੇਈਏ ਕਿ ਇਸ ਵਾਰ ਮਾਰਚ ਵਿੱਚ ਦਿਨ ਦਾ ਤਾਪਮਾਨ 31 ਡਿਗਰੀ ਨੂੰ ਵੀ ਪਾਰ ਨਹੀਂ ਕਰ ਸਕਿਆ। 14 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ ਮਾਰਚ ਦੇ ਮਹੀਨੇ ਠੰਢ ਮਹਿਸੂਸ ਹੋਈ ਹੈ। ਮਾਰਚ ਮਹੀਨੇ ‘ਚ ਕਰੀਬ 14 ਦਿਨ ਅਜਿਹੇ ਸਨ ਜਦੋਂ ਦਿਨ ਦਾ ਤਾਪਮਾਨ 26 ਡਿਗਰੀ ਤੋਂ ਉੱਪਰ ਨਹੀਂ ਸੀ ਜਾ ਸਕਿਆ। ਪੱਛਮੀ ਗੜਬੜੀ ਦੀ ਦਸਤਕ ਤੋਂ ਬਾਅਦ ਮੌਸਮ ਬਦਲਦਾ ਰਿਹਾ। ਲਗਾਤਾਰ ਮੀਂਹ ਅਤੇ ਠੰਢੀਆਂ ਹਵਾਵਾਂ ਕਾਰਨ ਮਾਰਚ ਵਿੱਚ ਵੀ ਠੰਢ ਮਹਿਸੂਸ ਹੋਈ।

error: Content is protected !!