ਜਲੰਧਰ ਜ਼ਿਮਨੀ ਚੋਣ; ਆਪ ਸਰਕਾਰ ਖਿ਼ਲਾਫ਼ ਚੋਣ ਕਮਿਸ਼ਨ ਨੂੰ ਕਾਂਗਰਸੀ ਉਮੀਦਵਾਰ ਕਰਮਜੀਤ ਚੌਧਰੀ ਨੇ ਕੀਤੀ ਸ਼ਿਕਾਇਤ

ਜਲੰਧਰ ਜ਼ਿਮਨੀ ਚੋਣ; ਆਪ ਸਰਕਾਰ ਖਿ਼ਲਾਫ਼ ਚੋਣ ਕਮਿਸ਼ਨ ਨੂੰ ਕਾਂਗਰਸੀ ਉਮੀਦਵਾਰ ਕਰਮਜੀਤ ਚੌਧਰੀ ਨੇ ਕੀਤੀ ਸ਼ਿਕਾਇਤ


ਵੀਓਪੀ ਬਿਊਰੋ, ਜਲੰਧਰ : ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੀ ਤਾਰੀਕ ਐਲਾਨ ਹੋਣ ਮਗਰੋਂ ਹੀ ਚੋਣ ਜ਼ਾਬਤਾ ਲੱਗ ਗਿਆ ਹੈ। ਸਿਆਸੀ ਪਾਰਟੀਆਂ ਵੀ ਸਰਗਰਮ ਹੋ ਗਈਆਂ ਹਨ। ਇਕ ਦੂਜੇ ਖਿ਼ਲਾਫ਼ ਸ਼ਿਕਾਇਤਾਂ ਵੀ ਦਿੱਤੀਆਂ ਜਾਣ ਲੱਗੀਆਂ ਹਨ। ਚੋਣ ਜ਼ਾਬਤਾ ਲੱਗਦਿਆਂ ਹੀ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਪੱਤਰ ਲਿਖ ਕੇ ਆਪ ਸਰਕਾਰ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀਆਂ ਤਿੰਨ ਸੰਭਾਵੀ ਉਲੰਘਣਾਵਾਂ ਵੱਲ ਧਿਆਨ ਦਿਵਾਇਆ। ਇਨ੍ਹਾਂ ਵਿਚ ਜਲੰਧਰ ਸੰਸਦੀ ਹਲਕੇ ’ਚ ਤਾਇਨਾਤ ਕਈ ਆਈਪੀਐੱਸ, ਪੀਸੀਐੱਸ ਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ, ਆਮ ਆਦਮੀ ਕਲੀਨਿਕਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਅਤੇ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ’ਚ ਸਰਕਾਰੀ ਇਸ਼ਤਿਹਾਰਾਂ ਦਾ ਪ੍ਰਕਾਸ਼ਨ ਸ਼ਾਮਲ ਹਨ।


ਉਨ੍ਹਾਂ ਮੁੱਖ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਤਬਾਦਲੇ ਦੇ ਹੁਕਮਾਂ ਨੂੰ ਰੱਦ ਕੀਤਾ ਜਾਵੇ ਅਤੇ ਪਹਿਲਾਂ ਵਾਲੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ। ਕਰਮਜੀਤ ਚੌਧਰੀ ਨੇ ਆਮ ਆਦਮੀ ਕਲੀਨਿਕਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਹਟਾਉਣ ਅਤੇ ਕਲੀਨਿਕਾਂ ਦੇ ਨਾਵਾਂ ਤੋਂ ‘ਆਮ ਆਦਮੀ’ ਸ਼ਬਦ ਹਟਾਉਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬੇਨਤੀ ਕੀਤੀ ਕਿ ਜ਼ਿਮਨੀ ਚੋਣ ਪੂਰੀ ਹੋਣ ਤਕ ਕਿਸੇ ਵੀ ਤਰ੍ਹਾਂ ਦੇ ਮੀਡੀਆ ਵਿਚ ਕੋਈ ਵੀ ਸਰਕਾਰੀ ਇਸ਼ਤਿਹਾਰ ਪ੍ਰਕਾਸ਼ਿਤ ਨਾ ਕੀਤਾ ਜਾਵੇ। ਉਨ੍ਹਾਂ ਲਿਖਿਆ ਕਿ ਤਬਾਦਲੇ ਦੇ ਹੁਕਮ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਸੱਤਾਧਾਰੀ ਪਾਰਟੀ ਦਾ ਪ੍ਰਭਾਵ ਵਧਾਉਣ ਦੇ ਇਰਾਦੇ ਨਾਲ ਪਾਸ ਕੀਤੇ ਗਏ ਪ੍ਰਤੀਤ ਹੁੰਦੇ ਹਨ।

error: Content is protected !!