ਗੁੱਡ ਫਰਾਈਡੇ ਮੌਕੇ ਸ਼ੋਭਾ ਯਾਤਰਾ ਵਿਚ ਨਿਹੰਗਾਂ ਦੇ ਪਹਿਰਾਵੇ ਵਿਚ ਆਏ ਵਿਅਕਤੀਆਂ ਨੇ ਪਾਇਆ ਖੌਰੂ, ਤਲਵਾਰ ਨਾਲ ਕੀਤਾ ਹਮਲਾ, ਇਸਾਈ ਭਾਈਚਾਰੇ ਨੇ ਹਾਈਵੇ ਕੀਤਾ ਜਾਮ

ਗੁੱਡ ਫਰਾਈਡੇ ਮੌਕੇ ਸ਼ੋਭਾ ਯਾਤਰਾ ਵਿਚ ਨਿਹੰਗਾਂ ਦੇ ਪਹਿਰਾਵੇ ਵਿਚ ਆਏ ਵਿਅਕਤੀਆਂ ਨੇ ਪਾਇਆ ਖੌਰੂ, ਤਲਵਾਰ ਨਾਲ ਕੀਤਾ ਹਮਲਾ, ਇਸਾਈ ਭਾਈਚਾਰੇ ਨੇ ਹਾਈਵੇ ਕੀਤਾ ਜਾਮ

ਵੀਓਪੀ ਬਿਊਰੋ, ਗੁਰਦਾਸਪੁਰ-ਇਸਾਈ ਭਾਈਚਾਰੇ ਵੱਲੋਂ ਸਜਾਈ ਗਈ ਸ਼ੋਭਾ ਯਾਤਰਾ ਵਿਚ ਕੁਝ ਲੋਕਾਂ ਵੱਲੋਂ ਰੁਕਾਵਟ ਪਾਈ ਗਈ। ਇਹ ਲੋਕ ਨਿਹੰਗ ਸਿੰਘਾਂ ਦੇ ਪਹਿਰਾਵੇ ਵਿਚ ਤਿੰਨ ਗੱਡੀਆਂ ਵਿਚ ਆਏ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ। ਸ਼ੋਭਾ ਯਾਤਰਾ ਵਿਚ ਮੌਜੂਦ ਨੌਜਵਾਨ ਉਤੇ ਇਨ੍ਹਾਂ ਨੇ ਤਲਵਾਰ ਨਾਲ ਹਮਲਾ ਵੀ ਕੀਤਾ ਪਰ ਬਚਾਅ ਹੋ ਗਿਆ। ਇਸ ਦੇ ਵਿਰੋਧ ਵਿਚ ਇਸਾਈ ਭਾਈਚਾਰੇ ਨੇ ਸ਼ੁੱਕਰਵਾਰ ਰਾਤ ਨੂੰ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਦੋ ਘੰਟੇ ਲਈ ਜਾਮ ਕਰ ਦਿੱਤਾ। ਇਸ ਦੌਰਾਨ ਡੀਐਸਪੀ ਵੱਲੋਂ ਭਰੋਸਾ ਦੇਣ ਮਗਰੋਂ ਧਰਨਾ ਸਮਾਪਤ ਹੋਇਆ।


ਜਾਣਕਾਰੀ ਅਨੁਸਾਰ ਪਿੰਡ ਪਾਖਰ ਪੁਰਾ ਨੇੜੇ ਗੁੱਡ ਫਰਾਈਡੇ ਦੀ ਸ਼ੋਭਾ ਯਾਤਰਾ ‘ਚ ਵਾਹਨਾਂ ਵਿਚ ਆਏ ਨਿਹੰਗ ਸਿੰਘਾਂ ਵੱਲੋਂ ਰੁਕਾਵਟ ਪਾਉਣ ਤੋਂ ਬਾਅਦ ਗੁੱਸੇ ‘ਚ ਆਏ ਇਸਾਈ ਭਾਈਚਾਰੇ ਨੇ ਸ਼ੁੱਕਰਵਾਰ ਰਾਤ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਦੋ ਘੰਟੇ ਲਈ ਜਾਮ ਕਰ ਦਿੱਤਾ।
ਇਸਾਈ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਗੁੱਡ ਫਰਾਈਡੇ ਦਿਵਸ ‘ਤੇ ਉਨ੍ਹਾਂ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ।

ਇਸੇ ਦੌਰਾਨ ਜਦੋਂ ਯਾਤਰਾ ਪਿੰਡ ਪਾਖਰਪੁਰਾ ਨੇੜੇ ਪੁੱਜੀ ਤਾਂ ਕੁਝ ਵਿਅਕਤੀ ਨਿਹੰਗ ਸਿੰਘਾਂ ਦੇ ਪਹਿਰਾਵੇ ਵਿਚ ਮੂੰਹ ‘ਤੇ ਕੱਪੜੇ ਬੰਨ੍ਹ ਕੇ ਤਿੰਨ ਗੱਡੀਆਂ ‘ਚ ਸਵਾਰ ਹੋ ਕੇ ਆਏ ਤੇ ਯਾਤਰਾ ਅੱਗੇ ਗੱਡੀਆਂ ਖੜ੍ਹੀਆਂ ਕਰ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਇਕ ਨੇ ਸ਼ੋਭਾ ਯਾਤਰਾ ‘ਚ ਸ਼ਾਮਲ ਲੋਕਾਂ ‘ਤੇ ਤਲਵਾਰ ਨਾਲ ਹਮਲਾ ਕੀਤਾ। ਉਹ ਨੌਜਵਾਨਾਂ ਨੂੰ ਖਿੱਚ ਕੇ ਸ਼ੋਭਾ ਯਾਤਰਾ ‘ਚ ਲੈ ਗਏ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਜੇਕਰ ਉਨ੍ਹਾਂ ਨੂੰ ਸ਼ੋਭਾ ਯਾਤਰਾ ਦੀ ਭੀੜ ਵਿਚ ਘੜੀਸ ਕੇ ਨਾ ਲੈ ਜਾਂਦੇ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ।
ਡੀਐਸਪੀ ਮਨਮੋਹਨ ਸਿੰਘ ਨੇ ਦੱਸਿਆ ਕਿ ਗੁੱਡ ਫਰਾਈਡੇ ਦਿਵਸ ਮੌਕੇ ਜਦੋਂ ਸ਼ੋਭਾ ਯਾਤਰਾ ਬਟਾਲਾ ਤੋਂ ਜੈਂਤੀਪੁਰ ਜਾ ਰਹੀ ਸੀ ਤਾਂ ਪਿੰਡ ਪਾਖਰਪੁਰਾ ਨੇੜੇ ਦੋ ਧੜਿਆਂ ਵਿਚਾਲੇ ਝਗੜਾ ਹੋ ਗਿਆ। ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਾਂ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਦੇਖੇ ਜਾ ਰਹੇ ਹਨ। ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!