ਪਠਾਨਕੋਟ ਵਿਚ ਲੱਗੇ ‘ਸੰਨੀ ਦਿਓਲ ਲਾਪਤਾ’ ਦੇ ਪੋਸਟਰ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਉਤੇ ਲੱਗੇ ਵੇਖੇ ਗਏ ਪੋਸਟਰ
ਵੀਓਪੀ ਬਿਊਰੋ, ਪਠਾਨਕੋਟ-ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿਚ ‘ਸੰਨੀ ਦਿਓਲ ਲਾਪਤਾ’ਦੇ ਪੋਸਟਰ ਲੱਗੇ ਹਨ। ਇਹ ਪੋਸਟਰ ਪਠਾਨਕੋਟ ਦੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਉਤੇ ਲੱਗੇ ਵੇਖੇ ਜਾ ਸਕਦੇ ਹਨ। ਨੌਜਵਾਨਾਂ ਵੱਲੋਂ ਇਹ ਪੋਸਟਰ ਇਸ ਲਈ ਲਾਏ ਗਏ ਹਨ ਕਿਉਂਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਸੰਨੀ ਦਿਓਲ ਪਠਾਨਕੋਟ ਵਿਚ ਬਹੁੜੇ ਹੀ ਨਹੀਂ ਹਨ। ਇਸ ਦੇ ਰੋਸ ਵਜੋਂ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ, ਕਿਉਂਕਿ ਸਨੀ ਦਿਓਲ ਸੰਸਦ ਮੈਂਬਰ ਬਣਨ ਤੋਂ ਬਾਅਦ ਅੱਜ ਤੱਕ ਪਠਾਨਕੋਟ ਨਹੀਂ ਆਏ।

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜ਼ਿਲ੍ਹਾ ਸੰਯੁਕਤ ਸਕੱਤਰ ਨਾਲ ਮਿਲ ਕੇ ਪੋਸਟਰ ਲਗਾਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਵੱਲੋਂ ਗੁਰਦਾਸਪੁਰ ਅਤੇ ਪਠਾਨਕੋਟ ਲੋਕ ਸਭਾ ਹਲਕਿਆਂ ਵਿੱਚ ਜੋ ਵਿਕਾਸ ਕਾਰਜ ਕਰਵਾਏ ਜਾਣੇ ਸਨ, ਉਹ ਅੱਜ ਤੱਕ ਨਹੀਂ ਹੋ ਸਕੇ। ਇਸ ਕਾਰਨ ਲੋਕਾਂ ਵਿੱਚ ਰੋਸ ਹੈ। ਇਸੇ ਲਈ ਉਹ ਲਾਪਤਾ ਸੰਸਦ ਮੈਂਬਰ ਦੇ ਪੋਸਟਰ ਲਗਾ ਰਹੇ ਹਨ।

ਦੂਜੇ ਪਾਸੇ ਲੋਕ ਸਭਾ ਹਲਕੇ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸੰਨੀ ਦਿਓਲ ਸਾਂਸਦ ਬਣੇ ਹਨ, ਉਹ ਨਾ ਤਾਂ ਪਠਾਨਕੋਟ ਆਏ ਅਤੇ ਨਾ ਹੀ ਗੁਰਦਾਸਪੁਰ ਆਏ। ਉਨ੍ਹਾਂ ਨੂੰ ਅੱਜ ਤੱਕ ਆਪਣੇ ਇਲਾਕੇ ਦੇ ਲੋਕਾਂ ਦੀ ਹਾਲਤ ਦਾ ਪਤਾ ਨਹੀਂ ਲੱਗਾ। ਜੋ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ, ਉਹ ਅਜੇ ਤੱਕ ਪੂਰੇ ਨਹੀਂ ਹੋਏ ਅਤੇ ਲੋਕ ਵੀ ਆਪਣੇ ਸੰਸਦ ਮੈਂਬਰ ਨੂੰ ਦੇਖਣ ਲਈ ਤਰਸ ਰਹੇ ਹਨ।