ਖੂਨੀ ਵਾਰਦਾਤ; ਟਰਾਲੀ ਦੇ ਟਾਇਰ ਨੂੰ ਪੰਚਰ ਲਾਉਂਦੇ ਚਾਚੇ ਨੂੰ ਕੁਹਾੜੀ ਨਾਲ ਵੱਡਿਆ, ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਦਾ ਭਤੀਜੇ ਨੂੰ ਸੀ ਸ਼ੱਕ

ਖੂਨੀ ਵਾਰਦਾਤ; ਟਰਾਲੀ ਦੇ ਟਾਇਰ ਨੂੰ ਪੰਚਰ ਲਾਉਂਦੇ ਚਾਚੇ ਨੂੰ ਕੁਹਾੜੀ ਨਾਲ ਵੱਡਿਆ, ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਦਾ ਭਤੀਜੇ ਨੂੰ ਸੀ ਸ਼ੱਕ


ਵੀਓਪੀ ਬਿਊਰੋ, ਦਿਆਲਪੁਰਾ : ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਦੋ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ। ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਦੇ ਸ਼ੱਕ ਵਿਚ ਭਤੀਜੇ ਨੇ ਚਾਚੇ ਦੀ ਬੇਹਰਹਿਮੀ ਨਾਲ ਹੱਤਿਆ ਕਰ ਦਿੱਤੀ। ਮੁਲਜ਼ਮ ਨੇ ਚਾਚੇ ਉਤੇ ਕੁਹਾੜੀ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਵਾਰਦਾਤ ਪਿੰਡ ਘੁਰਕਵਿੰਡ ਦੀ ਹੈ। ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਭਤੀਜੇ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਸੁਖਪਾਲ ਸਿੰਘ ਉਰਫ ਪਾਲੂ ਪਵਾਸੀ ਘੁਰਕਵਿੰਡ ਦੀ ਪਤਨੀ ਬੇਅੰਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿੰਡ ਦੇ ਅੱਡੇ ਉੱਪਰ ਟਾਇਰਾਂ ਨੂੰ ਪੰਕਚਰ ਲਾਉਣ ਦਾ ਕੰਮ ਕਰਦਾ ਸੀ। ਉਸ ਦੇ ਜੇਠ ਗੁਰਨਾਮ ਸਿੰਘ ਦਾ ਲੜਕਾ ਗੁਰਪ੍ਰਤਾਪ ਸਿੰਘ ਆਪਣੀ ਪਤਨੀ ਨਾਲ ਉਸ ਦੇ ਪਤੀ ਦੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਮਾਮੂਲੀ ਤਕਰਾਰ ਵੀ ਹੋਇਆ। ਇਸ ਝਗੜੇ ਦਾ ਪਿੰਡ ਦੇ ਮੋਹਤਬਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ ਜਿਸ ਤੋਂ ਬਾਅਦ ਵੀ ਗੁਰਪ੍ਰਤਾਪ ਸਿੰਘ ਉਸ ਦੇ ਪਤੀ ਪ੍ਰਤੀ ਰੰਜਿਸ਼ ਰੱਖਦਾ ਸੀ।

ਮੰਗਲਵਾਰ ਨੂੰ ਉਸ ਦਾ ਪਤੀ ਜਦੋਂ ਆਪਣੀ ਦੁਕਾਨ ਉਤੇ ਟਰਾਲੀ ਦੇ ਟਾਇਰ ਨੂੰ ਪੰਕਚਰ ਲਗਾ ਰਿਹਾ ਸੀ ਤਾਂ ਮੋਟਰਸਾਈਕਲ ਉਤੇ ਆਏ ਗੁਰਪ੍ਰਤਾਪ ਸਿੰਘ ਨੇ ਉਸ ਦੇ ਪਤੀ ਉੱਪਰ ਕੁਹਾੜੀ ਨਾਲ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਿਆ। ਉਹ ਪਤੀ ਨੂੰ ਸਿਵਲ ਹਸਪਤਾਲ ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਕੱਚਾ ਪੱਕਾ ਦੇ ਮੁਖੀ ਮੁਖਵਿੰਦਰ ਸਿੰਘ ਨੇ ਕਿਹਾ ਕਿ ਭਤੀਜੇ ਗੁਰਪ੍ਰਤਾਪ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!