ਜੇਲ੍ਹ ਵਿਚੋਂ ਫੋਨ ਕਰ ਕੇ ਲੋਕਾਂ ਨੂੰ ਅਜਿਹੇ ਜਾਲ ਵਿਚ ਫਸਾਉਂਦਾ ਸੀ ਕਿ ਦੇਣੇ ਪੈ ਜਾਂਦੇ ਸੀ ਹਜ਼ਾਰਾਂ ਰੁਪਏ, ਕਸੂਤਾ ਫਸਿਆ ਜਦੋਂ ਫੋਨ ਅੱਗੋਂ ਪੁਲਿਸ ਮੁਲਾਜ਼ਮ ਨੂੰ ਮਿਲਿਆ

ਜੇਲ੍ਹ ਵਿਚੋਂ ਫੋਨ ਕਰ ਕੇ ਲੋਕਾਂ ਨੂੰ ਅਜਿਹੇ ਜਾਲ ਵਿਚ ਫਸਾਉਂਦਾ ਸੀ ਕਿ ਦੇਣੇ ਪੈ ਜਾਂਦੇ ਸੀ ਹਜ਼ਾਰਾਂ ਰੁਪਏ, ਕਸੂਤਾ ਫਸਿਆ ਜਦੋਂ ਫੋਨ ਅੱਗੋਂ ਪੁਲਿਸ ਮੁਲਾਜ਼ਮ ਨੂੰ ਮਿਲਿਆ


ਵੀਓਪੀ ਬਿਊਰੋ, ਬਠਿੰਡਾ : ਜੇਲ੍ਹ ਵਿਚ ਬੰਦ ਇਕ ਕੈਦੀ ਲੋਕਾਂ ਨੂੰ ਫੋਨ ਕਰ ਕੇ ਅਜਿਹੇ ਜਾਲ ਵਿਚ ਫਸਾਉਂਦਾ ਸੀ ਕਿ ਲੋਕ ਡਰ ਕੇ ਉਸ ਨੂੰ ਪੈਸੇ ਟਰਾਂਸਫਰ ਕਰਨ ਨੂੰ ਮਜਬੂਰ ਹੋ ਜਾਂਦੇ ਸੀ। ਫੋਨ ਕਰਨ ਵਾਲਾ ਵਿਅਕਤੀ ਇਰਾਦਾ ਏ ਕਤਲ ਦੇ ਮਾਮਲੇ ’ਚ ਲੁਧਿਆਣਾ ਕੇਂਦਰੀ ਜੇਲ੍ਹ ’ਚ ਬੰਦ ਹੈ। ਉਕਤ ਨੌਸਰਬਾਜ਼ ਨੇ ਜੇਲ੍ਹ ਅੰਦਰੋਂ ਹੀ ਠੱਗੀ ਦਾ ਧੰਦਾ ਤੋਰਿਆ ਹੋਇਆ ਹੈ। ਮੁਲਜ਼ਮ ਕਈ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਕਾਫੀ ਵਿਅਕਤੀਆਂ ਨੂੰ ਰਗੜਾ ਲਾ ਚੁੱਕਾ ਹੈ। ਮੁਲਜ਼ਮ ਆਪਣੇ-ਆਪ ਨੂੰ ਐੱਮਐੱਲਏ ਜਾਂ ਕੋਈ ਵੱਡਾ ਪੁਲਿਸ ਅਧਿਕਾਰੀ ਦੱਸ ਕੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦਾ ਹੈ ਪਰ ਇਸ ਵਾਰ ਉਸ ਦਾ ਭੇਤ ਖੁੱਲ੍ਹ ਗਿਆ ਇਕ ਮੁਨਸ਼ੀ ਦੀ ਸਮਝਦਾਰੀ ਕਾਰਨ। ਉਸ ਦਾ ਫੋਨ ਥਾਣਾ ਸਿਟੀ ਰਾਮਪੁਰਾ ਦੇ ਮਾਲਖਾਨਾ ਮੁਨਸ਼ੀ ਹੌਲਦਾਰ ਰਣਜੀਤ ਸਿੰਘ ਨੂੰ ਆਇਆ। ਮੁਨਸ਼ੀ ਵੱਲੋਂ ਇਸ ਸਬੰਧੀ ਅਫਸਰਾਂ ਨੂੰ ਜਾਣੂ ਕਰਵਾਉਣ ਉਤੇ ਪੜਤਾਲ ਹੋਈ ਤਾਂ ਸਾਰਾ ਭੇਤ ਖੁੱਲ੍ਹ ਗਿਆ। ਇਸ ਕੰਮ ’ਚ ਮੁਲਜ਼ਮ ਦਾ ਪਰਿਵਾਰ ਵੀ ਸਾਥ ਦੇ ਰਿਹਾ ਸੀ।


ਥਾਣਾ ਸਿਟੀ ਰਾਮਪੁਰਾ ਵਿਖੇ ਮੁਨਸ਼ੀ ਰਣਜੀਤ ਸਿੰਘ ਦੀ ਸ਼ਿਕਾਇਤ ਉਤੇ ਮੁਲਜ਼ਮ ਸੁਖਚੈਨ ਸਿੰਘ, ਭੈਣ ਕਿਰਨਦੀਪ ਕੌਰ, ਪਿਤਾ ਜਸਵੰਤ ਸਿੰਘ ਵਾਸੀ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦਰਜ ਕਰਵਾਏ ਬਿਆਨ ਵਿਚ ਹੌਲਦਾਰ ਰਣਜੀਤ ਸਿੰਘ ਨੇ ਦੱਸਿਆ ਹੈ ਕਿ 18 ਅਪ੍ਰੈਲ ਨੂੰ ਮੋਬਾਈਲ ਫੋਨ ’ਤੇ ਸੁਖਚੈਨ ਸਿੰਘ ਨਾਂ ਦੇ ਵਿਅਕਤੀ ਦਾ ਫੋਨ ਆਇਆ। ਫੋਨ ਕਰਨ ਵਾਲਾ ਆਪਣੇ-ਆਪ ਨੂੰ ਐੱਸਐੱਚਓ ਬਰਨਾਲਾ ਦੱਸਦਾ ਹੈ। ਉਸ ਨੇ ਕਿਹਾ, ‘ਤੇਰੇ ਖ਼ਿਲਾਫ਼ ਕੁਝ ਬੰਦੇ ਸ਼ਿਕਾਇਤ ਲੈ ਕੇ ਆਏ ਹਨ। ਉਕਤ ਵਿਅਕਤੀ ਮੇਰੇ ਰਿਸ਼ਤੇਦਾਰ ਹਨ। ਜੇ ਤੂੰ ਮਾਮਲੇ ਨੂੰ ਦਬਾਉਣਾ ਚਾਹੁੰਦਾ ਹੈ ਤਾਂ ਮੈਂ ਤੇਰਾ ਰਾਜ਼ੀਨਾਮਾ ਕਰਵਾ ਦਊਂਗਾ, ਇਸ ਲਈ ਤੈਨੂੰ ਰੁਪਏ ਦੇਣੇ ਪੈਣਗੇ। ਪੀੜਤ ਨੇ ਦੱਸਿਆ ਕਿ ਉਸ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਕਿਉਂਕਿ ਉਸ ਨੂੰ ਲੱਗਾ ਕਿ ਸ਼ਾਇਦ ਕੋਈ ਦੋਸਤ ਮਜ਼ਾਕ ਕਰ ਰਿਹਾ ਹੈ। ਇਸ ਤੋਂ ਇਲਾਵਾ ਮੋਬਾਈਲ ਫੋਨ ’ਚ ਖਰਾਬੀ ਸੀ। ਇਸ ਲਈ ਸੁਖਚੈਨ ਸਿੰਘ ਨੂੰ ਆਪਣੇ ਸਾਥੀ ਦਾ ਫੋਨ ਨੰਬਰ ਦੇ ਦਿੱਤਾ।

ਹੌਲਦਾਰ ਅਨੁਸਾਰ ਅਗਲੇ ਦਿਨ ਮੇਰੇ ਸਾਥੀ ਨੇ ਆ ਕੇ ਦੱਸਿਆ ਕਿ ਸੁਖਚੈਨ ਸਿੰਘ ਉਸ ਨੂੰ ਲਗਾਤਾਰ ਫੋਨ ਕਰ ਰਿਹਾ ਹੈ ਤੇ ਧਮਕਾ ਰਿਹਾ ਹੈ ਕਿ ਜੇ ਪੈਸੇ ਨਾ ਦਿੱਤੇ ਤਾਂ ਪਰਚਾ ਦਰਜ ਕੀਤਾ ਜਾਵੇਗਾ। ਉਕਤ ਵਿਅਕਤੀ ਨੇ ਇਕ ਮੋਬਾਈਲ ਨੰਬਰ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਨੰਬਰ ’ਤੇ ਪੈਸੇ ਟਰਾਂਸਫਰ ਕਰਵਾ ਦਿੱਤੇ ਜਾਣ। ਉਸ ਨੂੰ ਇਹ ਮਾਮਲਾ ਕਾਫੀ ਗੰਭੀਰ ਲੱਗਾ ਤੇ ਆਪਣੇ ਅਫਸਰਾਂ ਨੂੰ ਜਾਣੂ ਕਰਵਾਇਆ। ਜਦੋਂ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਇਸ ਵੇਲੇ ਇਰਾਦਾ ਕਤਲ ਦੇ ਮਾਮਲੇ ’ਚ ਜੇਲ੍ਹ ਵਿਚ ਬੰਦ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਮੁਤਾਬਕ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

error: Content is protected !!