ਸਤਲੁਜ ਈਕੋ ਕਲੱਬ ਵੱਲੋਂ ਗੱਟੀ ਰਾਜੋ ਕੇ ਸਕੂਲ’ਚ ਮਨਾਇਆ ਵਿਸ਼ਵ ਧਰਤੀ ਦਿਵਸ

ਧਰਤੀ ਨੂੰ ਖੁਸ਼ਹਾਲ ਅਤੇ ਸਿਹਤਮੰਦ ਬਨਾਉਣਾ ਸਮੇਂ ਦੀ ਵੱਡੀ ਜ਼ਰੂਰਤ: ਡਾ. ਸਤਿੰਦਰ ਸਿੰਘ

ਫਿਰੋਜ਼ਪੁਰ ( ਜਤਿੰਦਰ ਪਿੰਕਲ ) ਧਰਤੀ ਤੇ ਵੱਧਦਾ ਤਾਪਮਾਨ ਅਤੇ ਜਲਵਾਯੂ ਪਰਿਵਰਤਨ ਦੇ ਕਾਰਨ ਪੂਰੇ ਵਿਸ਼ਵ ਪੱਧਰ ਤੇ ਵੱਡੀਆਂ ਸਮੱਸਿਆਵਾਂ ਖੜੀਆਂ ਹੋ ਰਹੀਆਂ ਹਨ। ਜਿਸ ਕਾਰਨ ਮਨੁੱਖਤਾ ਦੀ ਅਰੋਗਤਾ ਨੂੰ ਵੀ ਵੱਡਾ ਧੱਕਾ ਲੱਗਾ ਹੈ। ਇਸ ਲਈ ਧਰਤੀ ਨੂੰ ਖੁਸ਼ਹਾਲ ਅਤੇ ਸਿਹਤਮੰਦ ਬਨਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈ। ਇਸ ਗੱਲ ਦਾ ਪ੍ਰਗਟਾਵਾ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੱਟੀ ਰਾਜੋਕੇ ਵਿਖੇ ਸਤਲੁਜ ਈਕੋ ਕਲੱਬ ਵੱਲੋਂ ਵਿਸ਼ਵ ਧਰਤ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਧਰਤੀ ਤੇ ਵਧਦਾ ਪ੍ਰਦੂਸ਼ਣ ਖ਼ਤਰਨਾਕ ਰੂਪ ਧਾਰਨ ਕਰ ਚੁੱਕਾ ਹੈ , ਜਿਸ ਦੇ ਕਾਰਨ ਮਨੁੱਖ ਦੀਆਂ ਮੁੱਢਲੀਆਂ ਜ਼ਰੂਰਤਾਂ ਹਵਾ ਤੇ ਪਾਣੀ ਵੀ ਜ਼ਹਿਰੀਲੇ ਹੋ ਚੁੱਕੇ ਹਨ। ਜਲਵਾਯੁ ਪਰਿਵਰਤਨ ਦੇ ਗੰਭੀਰ ਨਤੀਜੇ ਧਰਤੀ ਦੀ ਉਪਜਾਊ ਸ਼ਕਤੀ ਦਾ ਘਟਨਾ, ਗਲੇਸ਼ੀਅਰਾਂ ਦਾ ਪਿਘਲਣਾ, ਬੱਦਲਾਂ ਦਾ ਫਟਣਾ, ਜੰਗਲਾਂ ਦੀ ਅੱਗ ਵਿੱਚ ਵਾਧਾ ਅਤੇ ਬੇਮੌਸਮੀ ਬਰਸਾਤ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਧਰਤੀ ਦੀ ਸੰਭਾਲ ਨਾ ਕੀਤੀ ਤਾਂ 2050 ਤੱਕ ਵਿਸ਼ਵ ਦੀ 25 ਪ੍ਰਤੀਸ਼ਤ ਧਰਤੀ ਬੰਜਰ ਹੋ ਜਾਵੇਗੀ ।ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਵਿੱਚ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ।

     ਸਤਲੁਜ ਈਕੋ ਕਲੱਬ ਦੇ ਇੰਚਾਰਜ ਸਰੁਚੀ ਮਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ 22 ਅਪ੍ਰੈਲ ਵਿਸ਼ਵ ਧਰਤਿ ਦਿਵਸ ਨੂੰ ਸਕੂਲ ਵਿੱਚ ਜਾਗਰੂਕਤਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ 50 ਤੋਂ ਵੱਧ ਵਿਦਿਆਰਥੀਆਂ ਨੇ ਕਵਿਤਾ ਗਾਇਨ, ਗੀਤ, ਪੋਸਟਰ ਮੇਕਿੰਗ ,ਭਾਸ਼ਨ ਮੁਕਾਬਲੇ ਅਤੇ ਪ੍ਰਦੂਸ਼ਣ ਨੂੰ ਘੱਟ ਕਰਦੇ ਮਾਡਲ ਬਣਾ ਕੇ ਧਰਤੀ ਮਾਂ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ।

     ਸਕੂਲ ਅਧਿਆਪਕਾ ਕੰਚਨ ਬਾਲਾਂ ਦੀ ਅਗਵਾਈ ਵਿੱਚ ਤਿਆਰ ਕਰਵਾਈ ਸਕਿੱਟ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਿਵੇਂ ਕਰੀਏ ਦੀ ਸ਼ਲਾਘਾ ਯੋਗ ਪੇਸ਼ਕਾਰੀ ਵੀ ਜਾਗਰੂਕਤਾ ਫੈਲਾਉਣ ਵਿੱਚ ਸਫਲ ਰਹੀ।

 

ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਹਫਤੇ ਵਿਚ ਇੱਕ ਦਿਨ ਕੁਝ ਸਮਾਂ ਮੋਬਾਇਲ, ਇੰਟਰਨੈੱਟ ਅਤੇ ਹੋਰ ਟੈਕਨੋਲੋਜੀ ਦੀ ਵਰਤੋਂ ਨਾ ਕਰਨ ਦਾ ਵੀ ਪ੍ਰਣ ਲਿਆ।ਸਮਾਗਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਅਤੇ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਨੂੰ ਸਫਲ ਬਣਾਉਣ ਵਿੱਚ ਸਕੂਲ ਸਟਾਫ ਗੁਰਪ੍ਰੀਤ ਕੌਰ, ਬਲਵਿੰਦਰ ਕੋਰ, ਗੀਤਾ,ਪ੍ਰਿਅੰਕਾ ਜੋਸ਼ੀ, ਵਿਜੇ ਭਾਰਤੀ, ਸੰਦੀਪ ਕੁਮਾਰ, ਮਨਦੀਪ ਸਿੰਘ , ਪ੍ਰਿਤਪਾਲ ਸਿੰਘ,ਵਿਸ਼ਾਲ ਗੁਪਤਾ ,ਅਰੁਣ ਕੁਮਾਰ ਅਮਰਜੀਤ ਕੌਰ ,ਦਵਿੰਦਰ ਕੁਮਾਰ, ਪ੍ਰਵੀਨ ਬਾਲਾ,ਮਹਿਮਾ ਕਸ਼ਅਪ, ਸਰੂਚੀ ਮਹਿਤਾਂ, ਸੁਚੀ ਜੈਨ,ਸ਼ਵੇਤਾ ਅਰੋੜਾ ,ਆਚਲ ਮਨਚੰਦਾ, ਨੈਂਸੀ ,ਬਲਜੀਤ ਕੌਰ ,ਕੰਚਨ ਬਾਲਾ, ਜਸਪਾਲ ਸਿੰਘ, ਰਜਨੀ ਬਾਲਾ ਅਤੇ ਦੀਪਕ ਕੁਮਾਰ ਨੇ ਵਿਸ਼ੇਸ਼ ਯੋਗਦਾਨ ਪਾਇਆ।

error: Content is protected !!