ਜਲੰਧਰ ਜ਼ਿਮਨੀ ਚੋਣ; ਇਕ ਵਜੇ ਤਕ 29.05 ਫ਼ੀਸਦੀ ਪੋਲਿੰਗ, ਇਨ੍ਹਾਂ ਦਿਗਜਾਂ ਨੇ ਪਾਈ ਵੋਟ, ਕੀਤਾ ਜਿੱਤ ਦਾ ਦਾਅਵਾ

ਜਲੰਧਰ ਜ਼ਿਮਨੀ ਚੋਣ; ਇਕ ਵਜੇ ਤਕ 29.05 ਫ਼ੀਸਦੀ ਪੋਲਿੰਗ, ਇਨ੍ਹਾਂ ਦਿਗਜਾਂ ਨੇ ਪਾਈ ਵੋਟ, ਕੀਤਾ ਜਿੱਤ ਦਾ ਦਾਅਵਾ

ਵੀਓਪੀ ਬਿਊਰੋ, ਜਲੰਧਰ – ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਦੀ ਪ੍ਰਕਿਰਿਆ ਜਾਰੀ ਹੈ। ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ੁਰੂ ਹੋਈ ਵੋਟਿੰਗ ਦੀ ਪ੍ਰਕਿਰਿਆ ਸ਼ਾਮ 6 ਵਜੇ ਤੱਕ ਚੱਲੇਗੀ। ਜਲੰਧਰ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕਿਆਂ ਜਲੰਧਰ ਨਾਰਥ, ਵੈਸਟ, ਸੈਂਟਰਲ, ਕੈਂਟ, ਆਦਮਪੁਰ, ਕਰਤਾਰਪੁਰ, ਫਿਲੌਰ, ਨਕੋਦਰ ਅਤੇ ਸ਼ਾਹਕੋਟ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 16,21,759 ਵੋਟਰ ਆਪਣੇ ਵੋਟ ਪਾਉਣਗੇ ਤੇ ਚੋਣ ਲੜ ਰਹੇ ਸਾਰੇ 19 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਜਲੰਧਰ ‘ਚ ਦੁਪਹਿਰੇ ਇਕ ਵਜੇ ਤੱਕ 29.05 ਫ਼ੀਸਦੀ ਵੋਟਿੰਗ ਹੋਈ ਹੈ। ਉਥੇ ਹੀ ਆਦਮਪੁਰ ਹਲਕੇ ਵਿਚ 10 ਵਜੇ ਤੱਕ 10 ਫ਼ੀਸਦੀ ਵੋਟਿੰਗ ਹੋ ਚੁੱਕੀ ਸੀ।
ਉਧਰ, ਜਲੰਧਰ ਜ਼ਿਲ੍ਹੇ ਦੇ ਸੀਨੀਅਰ ਲੀਡਰਾਂ ਨੇ ਵੀ ਅਪਣੀ ਵੋਟ ਦਾ ਭੁਗਤਾਨ ਕੀਤਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਪਰਿਵਾਰ ਸਮੇਤ ਵੋਟ ਪਾਈ। ਇਸ ਦੌਰਾਨ਼ ਰਿੰਕੂ ਨੇ ਕਿਹਾ ਕਿ ਸਾਰੇ ਲੋਕ ਮੇਰਾ ਸਾਥ ਦੇ ਰਹੇ ਹਨ। ਕਾਂਗਰਸ ਵੱਲੋਂ ਬੂਥ ਕੈਪਚਰਿੰਗ ਕਰਨ ਦੇ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ ਸੁਸ਼ੀਲ ਰਿੰਕੂ ਨੇ ਕਿਹਾ ਕਿ ਅਜੇ ਤੱਕ ਕੋਈ ਇਹੋ ਜਿਹੀ ਘਟਨਾ ਸਾਹਮਣੇ ਨਹੀਂ ਆਈ ਹੈ।
ਪਿਛਲੀਆਂ ਚੋਣਾਂ ਤੁਸੀਂ ਵੇਖ ਸਕਦੇ ਹੋ ਕਿ ਇਥੇ ਇਹੋ ਜਿਹੀ ਘਟਨਾ ਕੋਈ ਵੀ ਸਾਹਮਣੇ ਨਹੀਂ ਆਈ ਹੋਵੇਗੀ। ਦੋਆਬੇ ਦੇ ਲੋਕ ਤਾਂ ਉਂਝ ਹੀ ਬੇਹੱਦ ਸ਼ਾਂਤੀ ਪਸੰਦ ਲੋਕ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕੋਈ ਬੂਥ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਪਾਰਟੀ ਦਾ ਆਪਣਾ ਹੀ ਨੁਕਸਾਨ ਹੋਵੇਗਾ।

ਵਿਧਾਇਕ ਰਮਨ ਅਰੋੜਾ ਨੇ ਲੋਕਾਂ ਨੂੰ ਕੀਤੀ ਅਪੀਲ

ਉਥੇ ਹੀ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਆਪਣੀ ਪਤਨੀ ਸਮੇਤ ਵੋਟ ਪਾਈ। ਵੋਟ ਦਾ ਇਸਤੇਮਾਲ ਕਰਨ ਮਗਰੋਂ ਰਮਨ ਅਰੋੜਾ ਨੇ ਕਿਹਾ ਕਿ ਵੋਟਿੰਗ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟ ਪਾਉਣਾ ਸਾਡਾ ਸੰਵਿਧਾਨਕ ਅਧਿਕਾਰ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਲੋਕ ਆਪਣੀ-ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨ।

ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਫੌਜ ਦਾ ਸਿਪਾਹੀ, ਮੇਰੇ ਪਿੱਛੇ ਮੇਰੀ ਫੌਜ : ਡਾ. ਸੁੱਖੀ

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਵੀ ਅਪਣੀ ਵੋਟ ਪਾਉਣ ਪਹੁੰਚੇ ਤੇ ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਵੋਟਾਂ ਵੇਲੇ ਦਿਲ ਤਾਂ ਉਨ੍ਹਾਂ ਦਾ ਧੜਕਦਾ ਹੁੰਦਾ, ਜਿਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਫ਼ੌਜ ਨਾ ਹੋਵੇ ਅਤੇ ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਫ਼ੌਜ ਦਾ ਸਿਪਾਹੀ ਹਾਂ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਦੇ ਸਮਰਥਕ ਮੇਰੇ ਪਿੱਛੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਉਤਸ਼ਾਹ ਅਕਾਲੀ-ਬਸਪਾ ਦੇ ਸਮਰਥਕਾਂ ਵਿਚਕਾਰ ਹੈ, ਅਕਾਲੀ ਦਲ ਦੀ ਜਿੱਤ ਯਕੀਨੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸਿੱਖਿਆ ਸਸਤੀ ਜਾਂ ਮੁਫ਼ਤ ਹੋਣੀ ਚਾਹੀਦੀ ਹੈ।

ਸਭ ਨੇ ਬਹੁਤ ਮਿਹਨਤ ਕੀਤੀ, ਅੱਜ ਫ਼ੈਸਲੇ ਦਾ ਦਿਨ : ਕਰਮਜੀਤ ਕੌਰ ਚੌਧਰੀ


ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਵੀ ਅਪਣਈ ਕੀਮਤੀ ਵੋਟ ਭੁਗਤਾਈ। ਇਸ ਮੌਕੇ ਉਨ੍ਹਾਂ ਨੇ ਗੱਲ ਕਰਦਿਆਂ ਕਿਹਾ ਕਿ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਤੇ ਇਸ ਦਿਨ ਲਈ ਸਭ ਨੇ ਬਹੁਤ ਮਿਹਨਤ ਕੀਤੀ ਹੈ। ਜਲੰਧਰ ਵਾਸੀ ਅੱਜ ਆਪਣਾ ਫ਼ੈਸਲਾ ਦੇ ਦੇਣਗੇ। ਆਪਣੇ ਪਤੀ ਮਰਹੂਮ ਸੰਤੌਖ ਸਿੰਘ ਚੌਧਰੀ ਨੂੰ ਯਾਦ ਕਰਦਿਆਂ ਕਰਮਜੀਤ ਕੌਰ ਚੌਧਰੀ ਨੇ ਆਖਿਆ ਕਿ ਉਨ੍ਹਾਂ ਦੀ ਕਮੀ ਬੇਹੱਦ ਮਹਿਸੂਸ ਹੋ ਰਹੀ ਹੈ ਪਰ ਅਸੀਂ ਹੁਣ ਇਸ ਨੂੰ ਇਕ ਧਰਮ ਮਨ ਕੇ ਚੱਲ ਪਏ ਹਾਂ ਤੇ ਉਹ ਹਰ ਜਗ੍ਹਾ ਸਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਸਾਨੂੰ ਮੰਜ਼ਿਲ ਜ਼ਰੂਰ ਮਿਲੇਗੀ।

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਕੀਤਾ ਜਿੱਤ ਦਾ ਦਾਅਵਾ


ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਅਪਣੀ ਵੋਟ ਭੁਗਤਾਈ ਅਤੇ ਇਨ੍ਹਾਂ ਚੋਣਾਂ ਵਿਚ ਜਿੱਤ ਦਾ ਦਾਅਵਾ ਕੀਤਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀ ਇਕ ਸਾਲ ਦੀ ਕਾਰਗੁਜ਼ਾਰੀ ਦੌਰਾਨ ਜਲੰਧਰ ’ਚ ਕੋਈ ਕੰਮ ਨਹੀਂ ਕੀਤਾ। ਅਜਿਹਾ ਕਦੇ ਪੰਜਾਬ ਵਿਚ ਨਹੀਂ ਹੋਇਆ ਜਿਹੋ ਜਿਹੀ ਗੁੰਡਾਗਰਦੀ ਆਮ ਆਦਮੀ ਪਾਰਟੀ ਕਰ ਰਹੀ ਹੈ। ਦੁਆਬਾ ਦੇ ਲੋਕ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਵੇਖ ਕੇ ਹੀ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਜੇਕਰ 15 ਮਹੀਨਿਆਂ ਵਿਚ ਆਪ ਸਰਕਾਰ ਨੇ ਇੱਟ ਵੀ ਲਗਾਈ ਹੋਵੇ ਤਾਂ ਲੋਕਾਂ ਨੂੰ ‘ਆਪ’ ਨੂੰ ਵੋਟ ਪਾਉਣੀ ਚਾਹੀਦੀ ਹੈ। ਲੋਕਾਂ ਦੀ ਸੁਵਿਧਾ ਲਈ ਉਨ੍ਹਾਂ ਨੇ ਜਲੰਧਰ ਵਿਚ ਇਕ ਵੀ ਇੱਟ ਨਹੀਂ ਲਗਵਾਈ।

ਇੱਕ ਪਿੰਡ ਇੱਕ ਬੂਥ ਲਗਾ ਕੇ ਪਿੰਡ ਸੀਚੇਵਾਲ ਨੇ ਕਾਇਮ ਕੀਤੀ ਮਿਸਾਲ


ਇਸ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਵੀ ਵੋਟ ਪਾਈ ਤੇ ਇਸ ਪਿੰਡ ਵੱਲੋਂ ਪਿੰਡ ‘ਚ ਇੱਕ ਬੂਥ ਲਾ ਕੇ ਮਿਸਾਲ ਕਾਇਮ ਕੀਤੀ ਗਈ ਹੈ। ਵੋਟ ਪਾਉਣ ਤੋਂ ਬਾਅਦ ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜਾ ਸਾਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੈ ਤੇ ਉਸ ਦੇ ਆਧਾਰ ‘ਤੇ ਲੋਕ ਆਪਣੀ ਸਰਕਾਰ ਚੁਣ ਸਕਦੇ ਹਨ, ਸੰਤ ਸੀਚੇਵਾਲ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਇਸ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਹਲਕਾ ਸ਼ਾਹਕੋਟ ਦੇ ਕੁਝ ਮੁੱਦਿਆਂ ਬਾਰੇ ਵੀ ਗੱਲ ਕੀਤੀ। ਸੰਤ ਸੀਚੇਵਾਲ ਨੇ ਇਸ ਦੌਰਾਨ ਦਾਅਵਾ ਕੀਤਾ ਕਿ ਲੋਕ ਇਸ ਵਾਰ ਧੰਨਵਾਦੀ ਵੋਟ ਪਾ ਰਹੇ ਹਨ। ਲੋਕ ਆਮ ਆਦਮੀ ਪਾਰਟੀ ਵੱਲੋਂ ਵਾਤਾਵਰਣ ਨੂੰ ਤਰਜੀਹ ਦੇ ਮੈਨੂੰ ਰਾਜ ਸਭਾ ਮੈਂਬਰ ਬਣਾਉਣ ਦੇ ਫ਼ੈਸਲੇ ਦੇ ਮੱਦੇਨਜ਼ਰ ਸਰਕਾਰ ਪੱਖੀ ਵੋਟ ਪਾ ਰਹੇ ਹਨ।

error: Content is protected !!