ਸਕੂਲ ਪੜ੍ਹਨ ਜਾ ਰਹੀ ਨੌਵੀਂ ਜਮਾਤ ਦੀ ਵਿਦਿਆਰਥਣ ਆਈ ਟਰੇਨ ਦੀ ਲਪੇਟ ਵਿਚ, ਬੁਰੀ ਤਰ੍ਹਾਂ ਕੁਚਲੀ ਗਈ, ਕਾਪੀ ਉਤੇ ਲਿਖੇ ਸਹੇਲੀ ਦੇ ਨੰਬਰ ਰਾਹੀਂ ਮਾਪਿਆਂ ਨਾਲ ਹੋ ਸਕਿਆ ਸੰਪਰਕ

ਸਕੂਲ ਪੜ੍ਹਨ ਜਾ ਰਹੀ ਨੌਵੀਂ ਜਮਾਤ ਦੀ ਵਿਦਿਆਰਥਣ ਆਈ ਟਰੇਨ ਦੀ ਲਪੇਟ ਵਿਚ, ਬੁਰੀ ਤਰ੍ਹਾਂ ਕੁਚਲੀ ਗਈ, ਕਾਪੀ ਉਤੇ ਲਿਖੇ ਸਹੇਲੀ ਦੇ ਨੰਬਰ ਰਾਹੀਂ ਮਾਪਿਆਂ ਨਾਲ ਹੋ ਸਕਿਆ ਸੰਪਰਕ

ਵੀਓਪੀ ਬਿਊਰੋ, ਫਗਵਾੜਾ : ਫਗਵਾੜਾ ਸ਼ੂਗਰ ਮਿੱਲ ਨਜ਼ਦੀਕ ਸਕੂਲ ਪੜ੍ਹਨ ਜਾ ਰਹੀ ਇਕ ਲੜਕੀ ਦੀ ਰੇਲ ਦੀ ਲਪੇਟ ‘ਚ ਆਉਣ ਨਾਲ ਦਰਦਨਾਕ ਮੌਤ ਹੋ ਗਈ। ਲੜਕੀ ਦੀਆਂ ਫੱਟੀਆਂ ਹੋਈਆਂ ਕਾਪੀਆਂ ਕਿਤਾਬਾਂ ਲਾਈਨਾਂ ਵਿਚਕਾਰ ਕਾਫੀ ਦੂਰ ਤਕ ਖਿਲਰ ਗਈਆਂ। ਜੀਆਰਪੀ ਪੁਲਿਸ ਫਗਵਾੜਾ ਵਲੋਂ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਦਿੰਦਿਆਂ ਜੀਆਰਪੀ ਚੌਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸਟੇਸ਼ਨ ਮਾਸਟਰ ਫਗਵਾੜਾ ਵੱਲੋਂ ਇਤਲਾਹ ਮਿਲੀ ਸੀ ਕਿ ਸ਼ੂਗਰ ਮਿੱਲ ਨਜ਼ਦੀਕ ਇਕ ਲੜਕੀ ਟਰੇਨ ਥੱਲੇ ਆ ਗਈ। ਜਦੋਂ ਉਹ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜੇ ਤਾਂ ਦੇਖਿਆ ਕਿ ਇਕ ਲੜਕੀ ਜੋ ਕਿ ਟਰੇਨ ਥੱਲੇ ਆਉਣ ਨਾਲ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਜਿਸ ਦੀ ਮੌਕੇ ‘ਤੇ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੀਆਂ ਫੱਟੀਆਂ ਹੋਈਆਂ ਕਾਪੀਆਂ ਕਿਤਾਬਾਂ ਲਾਈਨਾਂ ਵਿਚਕਾਰ ਕਾਫੀ ਦੂਰ ਤਕ ਖਿਲਰੀਆਂ ਪਈਆਂ ਸਨ। ਇਸ ਦੌਰਾਨ ਕਾਪੀ ‘ਤੇ ਲੜਕੀ ਦਾ ਨਾਂ ਲਿਖਿਆ ਦੇਖਿਆ ਅਤੇ ਕਾਪੀ ਉਪਰ ਉਸਦੀ ਇਕ ਸਹੇਲੀ ਦਾ ਨਾਂ ਅਤੇ ਫੋਨ ਨੰਬਰ ਲਿਖਿਆ ਹੋਇਆ ਮਿਲਿਆ। ਇਸ ਦੇ ਜ਼ਰੀਏ ਮਿ੍ਤਕਾ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਲੜਕੀ ਦੀ ਪਛਾਣ ਬਲਜਿੰਦਰ ਕੌਰ ਪੁੱਤਰੀ ਪਲਵਿੰਦਰ ਸਿੰਘ ਵਾਸੀ ਪਿੰਡ ਦਕੋਹਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਅਤੇ ਲੜਕੀ ਕੇਐੱਮਵੀ ਸਕੂਲ ਫਗਵਾੜਾ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ, ਜੋ ਕਿ ਫਗਵਾੜਾ ਦੇ ਸਤਨਾਮਪੁਰਾ ਵਿਖੇ ਆਪਣੀ ਮਾਸੀ ਦੇ ਘਰ ਰਹਿ ਰਹੀ ਸੀ। ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਲੜਕੀ ਸਵੇਰੇ 8 ਕੁ ਵਜੇ ਸਕੂਲ ਜਾਣ ਲਈ ਘਰੋਂ ਨਿਕਲੀ ਤਾਂ ਸਤਨਾਮਪੁਰਾ ਫਲਾਈਓਵਰ ਨੀਚੇ ਨਜ਼ਦੀਕ ਸ਼ੂਗਰ ਮਿੱਲ ਫਗਵਾੜਾ ਚਹੇੜੂ ਲਾਈਨ ਵਿਚਕਾਰ ਜੰਮੂ ਨੂੰ ਜਾ ਰਹੀ ਰੇਲ ਗੱਡੀ ਦੀ ਲਪੇਟ ‘ਚ ਆ ਗਈ। ਇਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।

error: Content is protected !!