ਲਾਪਤਾ ਹੋਏ ਜਵਾਈ ਦੀ ਭਾਲ ਕਰਦਿਆਂ ਕੋਠੀ ਵਿਚੋਂ ਮਿਲੀ ਸੱਸ ਦੀ ਲਾਸ਼, ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ ਕਤਲ, ਬੁਝਾਰਤ ਬਣਿਆ ਮਾਮਲਾ

ਲਾਪਤਾ ਹੋਏ ਜਵਾਈ ਦੀ ਭਾਲ ਕਰਦਿਆਂ ਕੋਠੀ ਵਿਚੋਂ ਮਿਲੀ ਸੱਸ ਦੀ ਲਾਸ਼, ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ ਕਤਲ, ਬੁਝਾਰਤ ਬਣਿਆ ਮਾਮਲਾ

ਵੀਓਪੀ ਬਿਊਰੋ, ਸੁਲਤਾਨਪੁਰ ਲੋਧੀ-ਬੇਬੇ ਨਾਨਕੀ ਅਰਬਨ ਅਸਟੇਟ (ਪੁੱਡਾ ਕਾਲੋਨੀ ) ਸੁਲਤਾਨਪੁਰ ਲੋਧੀ ਵਿਖੇ ਲਾਪਤਾ ਹੋਏ ਜਵਾਈ ਦੀ ਭਾਲ ਵਿਚ ਲੱਗੀ ਪੁਲਿਸ ਨੂੰ ਇਕ ਕੋਠੀ ਵਿਚੋਂ ਸੱਸ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਆਪਣੀ ਕੋਠੀ ‘ਚ ਇਕੱਲੀ ਰਹਿ ਰਹੀ ਮਹਿਲਾ ਜਸਵੀਰ ਕੌਰ ਦਾ ਭੇਤਭਰੇ ਹਾਲਾਤ ਵਿਚ ਤੇਜਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਦਾਅਵਾ ਕੀਤਾ ਹੈ। ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਤੇ ਇੰਸਪੈਕਟਰ ਸ਼ਿਵਕੰਵਲ ਸਿੰਘ ਘਟਨਾ ਸਥਾਨ ਉਤੇ ਪਹੁੰਚੇ ਤੇ ਵਾਰਦਾਤ ਦੀ ਜਾਂਚ ਆਰੰਭ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਸ ਮ੍ਰਿਤਕ ਮਹਿਲਾ ਦਾ ਜਵਾਈ ਬਲਵਿੰਦਰ ਸਿੰਘ ਪੱਪੂ ਨਿਵਾਸੀ ਸਰਾਏ ਜੱਟਾਂ ਵੀ ਕੁਝ ਦਿਨਾਂ ਤੋਂ ਡਿਪਰੈਸ਼ਨ ਵਿਚ ਸੀ ਜਿਸ ਨੇ ਬੀਤੀ ਸ਼ਾਮ ਇੱਕ ਵੀਡੀਓ ਬਣਾ ਕੇ ਆਪਣੇ ਫੋਨ ਤੋਂ ਵੱਖ ਵੱਖ ਰਿਸ਼ਤੇਦਾਰਾਂ ਨੂੰ ਵਾਇਰਲ ਕੀਤੀ ਜਿਸ ਵਿਚ ਉਸ ਨੇ ਖੁਦਕੁਸ਼ੀ ਕਰ ਲੈਣ ਬਾਰੇ ਕਿਹਾ।
ਡੀਐਸਪੀ ਬਬਨਦੀਪ ਸਿੰਘ ਲੁਬਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਬਲਵਿੰਦਰ ਸਿੰਘ ਪੱਪੂ ਜੋ ਕਿ ਪਿੰਡ ਸਰਾਏ ਜੱਟਾਂ ਦਾ ਨਿਵਾਸੀ ਹੈ ਤੇ ਕੁਝ ਦਿਨਾਂ ਤੋਂ ਡਿਪਰੈਸ਼ਨ ਵਿੱਚ ਸੀ ।ਉਸ ਨੇ ਆਪਣੀ ਵੀਡੀਓ ਵਾਇਰਲ ਕੀਤੀ ਸੀ ਕਿ ਉਹ ਅੱਜ ਸ਼ਾਮ ਆਤਮ ਹੱਤਿਆ ਕਰ ਲਵੇਗਾ । ਉਹ ਤੇ ਇੰਸਪੈਕਟਰ ਸ਼ਿਵਕੰਵਲ ਸਿੰਘ ਬਲਵਿੰਦਰ ਸਿੰਘ ਨੂੰ ਲੱਭਣ ਲਈ ਭੱਜ ਦੌੜ ਕਰਨ ਲੱਗੇ ਤਾਂ ਜੋ ਉਸ ਨੂੰ ਆਤਮ ਹੱਤਿਆ ਕਰਨ ਤੋਂ ਰੋਕਿਆ ਜਾ ਸਕੇ ਤੇ ਜਦ ਉਹ ਕਿਸੇ ਪਾਸੇ ਨਾ ਮਿਲਿਆ ਤਾਂ ਉਸ ਦੇ ਮੋਬਾਈਲ ਦੀ ਲੋਕੇਸ਼ਨ ਚੈਕ ਕੀਤੀ ਗਈ , ਜੋ ਕਿ ਪੁੱਡਾ ਕਾਲੋਨੀ ਸੁਲਤਾਨਪੁਰ ਲੋਧੀ ਦੀ ਮਿਲੀ । ਜਿਸ ਉਤੇ ਪੁਲਿਸ ਉਸ ਦੀ ਸੱਸ ਜਸਵੀਰ ਕੌਰ ਦੇ ਘਰ ਜਾਂਚ ਕਰਨ ਲਈ ਆਈ ਤਾਂ ਪੁਲਿਸ ਨੂੰ ਕੋਠੀ ਦੇ ਅੰਦਰ ਬੈੱਡ ਦੇ ਨਜਦੀਕ ਜਸਵੀਰ ਕੌਰ ਪਤਨੀ ਸਵ. ਨਿਰਵੈਰ ਸਿੰਘ ਦੀ ਲਾਸ਼ ਮਿਲੀ । ਮ੍ਰਿਤਕ ਮਹਿਲਾ ਦੇ ਤਿੰਨ ਬੱਚੇ 1 ਲੜਕਾ ਤੇ ਦੋ ਲੜਕੀਆਂ ਹਨ ਤੇ ਸਾਰੇ ਹੀ ਅਮਰੀਕਾ ਵਿਚ ਰਹਿ ਰਹੇ ਹਨ।


ਪੁਲਿਸ ਨੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।ਡੀ.ਐਸ.ਪੀ. ਬਬਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਮ੍ਰਿਤਕ ਮਹਿਲਾ ਜਸਵੀਰ ਕੌਰ ਦੇ ਜਵਾਈ ਦੀ ਤਲਾਸ਼ ਕਰ ਰਹੀ ਹੈ ਤੇ ਇਸ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ।

error: Content is protected !!