ਪੰਜਾਬ ਸਰਕਾਰ ਦੀ ਪਹਿਲਕਦਮੀ, ਸਕੂਲ ਆਫ ਐਮੀਂਨੈਂਸ ਦੇ ਵਿਦਿਆਰਥੀਆਂ ਵਿਚ ਸਵੈ ਰੁਜ਼ਗਾਰ ਦੀ ਲਗਨ ਪੈਦਾ ਕਰਨ ਦੇ ਉਦੇਸ਼ ਨਾਲ ਕਰਵਾਇਆ ਉਦਯੋਗਿਕ ਇਕਾਈਆਂ ਦਾ ਦੌਰਾ

ਪੰਜਾਬ ਸਰਕਾਰ ਦੀ ਪਹਿਲਕਦਮੀ, ਸਕੂਲ ਆਫ ਐਮੀਂਨੈਂਸ ਦੇ ਵਿਦਿਆਰਥੀਆਂ ਵਿਚ ਸਵੈ ਰੁਜ਼ਗਾਰ ਦੀ ਲਗਨ ਪੈਦਾ ਕਰਨ ਦੇ ਉਦੇਸ਼ ਨਾਲ ਕਰਵਾਇਆ ਉਦਯੋਗਿਕ ਇਕਾਈਆਂ ਦਾ ਦੌਰਾ

ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਸਰਕਾਰ ਦੇ ਨਿਵੇਕਲੇ ਉਪਰਾਲੇ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਸ. ਚਮਕੌਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਪਰਗਟ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਅੱਜ ਭਗਵਤੀ ਲੈਕਟੋ ਫੂਡਜ਼ ਪ੍ਰਾਈਵੇਟ ਲਿਮਿਟਿਡ ਮਾਣਾ ਸਿੰਘ ਵਾਲਾ ਫਿਰੋਜ਼ਪੁਰ ਅਤੇ ਸੁਖਬੀਰ ਐਗਰੋ ਐਨਰਜੀ ਲਿਮਿਟਿਡ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦਾ ਦੌਰਾ ਕੀਤਾ। ਜ਼ਿਲ੍ਹਾ ਗਾਇਡੈਂਸ ਕੌਸਲਰ ਸ਼੍ਰੀ ਸੰਦੀਪ ਕੰਬੋਜ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੁੱਚੇ ਦੌਰੇ ਦਾ ਤਾਲਮੇਲ ਕੀਤਾ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਖੋਜ ਅਤੇ ਉੱਚ ਵਿੱਦਿਆ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਹਨਾਂ ਵਿਚ ਕਾਰੋਬਾਰੀ ਉੱਦਮੀ ਬਣਨ ਦੀ ਪ੍ਰੇਰਨਾ ਪੈਦਾ ਕਰਨਾ ਸੀ। ਇਸ ਪ੍ਰੋਗਰਾਮ ਤਹਿਤ ਸਰਕਾਰ ਵੱਲੋਂ ਸਕੂਲ ਆਫ ਐਮੀਨੈਸ ਦਾ ਦਰਜਾ ਪ੍ਰਾਪਤ ਕੀਤੇ ਸਕੂਲ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕੰਨਿਆ ਗੁਰੂਹਰਸਹਾਏ,ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਮਮਦੋਟ,ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਫ਼ਿਰੋਜ਼ਪੁਰ,ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮੱਲਾਂਵਾਲਾ ਖਾਸ ਤੋਂ ਐਮੀਨੈਸ ਕਲਾਸ ਨੌਵੀਂ ਦੇ 144 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਹਨਾਂ ਦੋਵੇਂ ਉਦਯੋਗਿਕ ਯੂਨਿਟਾਂ ਦੀ ਵਿਜ਼ਿਟ ਕੀਤੀ।

ਭਗਵਤੀ ਲੈਕਟੋ ਫੂਡਜ਼ ਪ੍ਰਾਈਵੇਟ ਲਿਮਿਟਿਡ ਮਾਣਾ ਸਿੰਘ ਵਾਲਾ ਦੇ ਜੀ. ਐੱਮ. ਮਨਜੀਤ ਸਿੰਘ ਗੋਗੀਆ, ਡੀ ਐਲ ਪਾਉਲੀ ਅਤੇ ਐੱਚ ਆਰ ਪਰਮੋਦ ਕੁਮਾਰ ਅਤੇ ਅਜੇ ਕੁਮਾਰ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਯੂਨਿਟ ਵਿੱਚ ਚੱਲ ਰਹੇ ਉਦਯੋਗਿਕ ਉਤਪਾਦਾਂ ਅਤੇ ਉਤਪਾਦਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਝੋਨੇ ਤੋਂ ਚੌਲ ਤਿਆਰ ਕਰਨ ਦੀ ਪ੍ਰੋਸੈਸਿੰਗ ਬਾਰੇ ਬਾਰੀਕੀ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸੇ ਤਰ੍ਹਾਂ ਸੁਖਬੀਰ ਐਗਰੋ ਐਨਰਜੀ ਲਿਮਿਟਿਡ ਦੇ ਮੈਨੇਜਰ ਸੁਧੀਰ ਧਵਨ ਅਤੇ ਟੈਕਨੀਸ਼ੀਅਨ ਗੁਰਸੇਵਕ ਸਿੰਘ ਨੇ ਵਿਦਿਅਰਥੀਆਂ ਨੂੰ ਝੋਨੇ ਦੀ ਪਰਾਲੀ ਤੋਂ ਬਿਜਲੀ ਉਤਪਾਦਨ ਕਰਨ ਦੀ ਪ੍ਰਕਿਰਿਆ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਅਤੇ ਪੂਰੇ ਯੂਨਿਟ ਦਾ ਵਿਸਤ੍ਰਿਤ ਦੌਰਾ ਕਰਵਾਇਆ। ਵਿਦਿਅਰਥੀਆਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ  ਕੇ ਅਜਿਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੱਤਾ । ਉਨ੍ਹਾਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਤੀ ਪ੍ਰੇਰਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਦੇ ਦੌਰੇ ਲਈ ਇਹਨਾਂ ਉਦਯੋਗਾਂ ਦੀ ਚੋਣ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਦੌਰਿਆਂ ਕਰਕੇ ਸਕੂਲ ਦੇ ਵਿਦਿਆਰਥੀਆਂ ਵਿੱਚ ਇਹ ਚਾਅ ਪੈਦਾ ਹੁੰਦਾ ਹੈ ਕਿ ਉਹ ਆਪਣੀ ਸਕੂਲ ਸਿੱਖਿਆ ਤੋਂ ਬਾਅਦ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਉਨਤ ਜੀਵਨ ਦੇ ਰਾਹ ਪੈਣ।

ਉਦਯੋਗਾਂ ਦਾ ਦੌਰਾ ਕਰਨ ਵਾਲੇ ਵਿਦਿਆਰਥੀਆਂ ਨੇ ਇਸ ਮੌਕੇ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਥੇ ਆ ਬਹੁਤ ਚੰਗਾ ਮਹਿਸੂਸ ਹੋਇਆ ਹੈ ਅਤੇ ਉਨ੍ਹਾਂ ਅੰਦਰ ਉਦਯੋਗਾਂ ਬਾਰੇ ਨਵੀਂ ਜਾਣਕਾਰੀ ਪ੍ਰਾਪਤ ਕਰਕੇ ਪੜ੍ਹਨ ਦਾ ਉਤਸ਼ਾਹ ਪੈਦਾ ਹੋ ਗਿਆ ਹੈ।

ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਰਗਟ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਪ੍ਰੇਰਿਤ ਕੀਤਾ।

 ਇਸ ਦੌਰੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਸੰਦੀਪ ਕੰਬੋਜ ਦੇ ਨਾਲ ਲੈਕਚਰਾਰ ਦੀਪਕ ਸ਼ਰਮਾ, ਬਲਾਕ ਰਿਸੋਰਸ ਪਰਸਨ ਅਨਿਲ ਧਵਨ, ਸੁਖਜਿੰਦਰ ਸਿੰਘ ,ਵਰਿੰਦਰ ਸਿੰਘ ,ਅਸ਼ਵਨੀ ਸ਼ਰਮਾ, ਸੰਦੀਪ ਸਹਿਗਲ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਡਮੁੱਲਾ ਯੋਗਦਾਨ ਪਾਇਆ

 

error: Content is protected !!