ਸਿਆਸੀ ਵਿਰੋਧੀਆਂ ਦੇ ਸਹਾਰੇ ਬਸਪਾ! … ਕਦੇ ਸੰਵਿਧਾਨ ਦੀ ਕਾਪੀ ਸਾੜਨ ਵਾਲੇ ਬਾਦਲ ਪਰਿਵਾਰ ਦੀ ਗੱਲ ‘ਚ ਹਾਮੀ ਤੇ ਹੁਣ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੀ ਭਾਜਪਾ ਦਾ ਪੱਖ

ਸਿਆਸੀ ਵਿਰੋਧੀਆਂ ਦੇ ਸਹਾਰੇ ਬਸਪਾ! … ਕਦੇ ਸੰਵਿਧਾਨ ਦੀ ਕਾਪੀ ਸਾੜਨ ਵਾਲੇ ਬਾਦਲ ਪਰਿਵਾਰ ਦੀ ਗੱਲ ‘ਚ ਹਾਮੀ ਤੇ ਹੁਣ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੀ ਭਾਜਪਾ ਦਾ ਪੱਖ

 

ਜਲੰਧਰ/ਨਵੀਂ ਦਿੱਲੀ (ਸੁੱਖ ਸੰਧੂ) ਇਕ ਪਾਸੇ ਜਿੱਥੇ ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ 19 ਤੋੱ ਜ਼ਿਆਦਾ ਪਾਰਟੀਆਂ ਨੇ ਆਦਿਵਾਸੀ ਸਮਾਜ ਨਾਲ ਸਬੰਧਤ ਰਾਸ਼ਟਰਪਤੀ ਦ੍ਰੋਪਦੀ ਮੂਰਮੂ ਨੂੰ ਨਾ ਬੁਲਾਏ ਜਾਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾਣ ਵਾਲੇ ਉਦਘਾਟਨ ਦਾ ਬਾਈਕਾਟ ਕੀਤਾ ਹੈ। ਉੱਥੇ ਹੀ ਬਸਪਾ ਦੀ ਸੁਪਰੀਮੋ ਨੇ ਭਾਜਪਾ ਦਾ ਪੱਖ ਲੈ ਕੇ ਕੀਤੇ ਨਾ ਕੀਤੇ ਭਵਿੱਖ ਵਿੱਚ ਭਾਜਪਾ ਨਾਲ ਮਿਲਾਪ ਦਾ ਰਸਤਾ ਖੋਲਿਆ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਉਦਘਾਟਨ ਦਾ ਨਾ ਸਿਰਫ਼ ਸਮਰਥਨ ਕੀਤਾ ਹੈ, ਸਗੋਂ ਇਸ ਉਦਘਾਟਨ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਅਧਿਕਾਰ ਵੀ ਕਿਹਾ ਹੈ।

ਹਮੇਸ਼ਾ ਹੀ ਦਲਿਤ ਪੱਖੀ ਤੇ ਸੰਵਿਧਾਨ ਦੀ ਰੱਖਿਆ ਦੀ ਗੱਲ ਕਰਨ ਵਾਲੀ ਬਸਪਾ ਪਾਰਟੀ ਤੇ ਪਾਰਟੀ ਸੁਪਰੀਮੋ ਹੁਣ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਜ਼ਰੂਰ ਦੇਖੇ ਜਾ ਸਕਦੇ ਹਨ। ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾਂ ਪੰਜਾਬ ਵਿੱਚ ਵੀ ਬਸਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਕਰ ਕੇ ਆਪਣੀ ਸਿਆਸੀ ਜ਼ਮੀਨ ‘ਤੇ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪਾਰਟੀ ਨੂੰ ਸਫਲਤਾ ਤਾਂ ਕੀ ਸਫਲਤਾ ਦੀ ਆਸ ਵੀ ਨਾ ਦਿਖੀ। ਇਸ ਦੌਰਾਨ ਪਾਰਟੀ ਨੂੰ ਵਿਧਾਨਸਭਾ ਚੋਣਾਂ ਤੋਂ ਬਾਅਦ ਜਲੰਧਰ ਦੀ ਲੋਕ ਸਭਾ ਸੀਟ ‘ਤੇ ਜ਼ਿਮਨੀ ਚੋਣ ਦੌਰਾਨ ਵੀ ਇਸ ਗਠਜੋੜ ਨੂੰ ਹਾਰ ਦਾ ਹੀ ਸਾਹਮਣਾ ਕਰਨਾ ਪਿਆ।


ਸੰਵਿਧਾਨ ਦੀ ਰਾਖੀ ਦੀ ਗੱਲ ਕਰਨ ਵਾਲੀ ਬਸਪਾ ਪਾਰਟੀ ਉਸ ਪਾਰਟੀ ਨਾਲ ਇਸ ਸਮੇਂ ਪੰਜਾਬ ਵਿੱਚ ਗਠਜੋੜ ਕਰ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੇ ਸਾਬਕਾ ਮਰਹੂਮ ਪ੍ਰਧਾਨ ਨੇ ਕਦੀ ਸੰਵਿਧਾਨ ਦੀ ਕਾਪੀ ਸਾਰੀ ਸੀ। ਹਾਲਾਕਿ ਇਸ ਤੋਂ ਪਹਿਲਾਂ ਵੀ 1996 ਵਿੱਚ ਦੋਵੇਂ ਪਾਰਟੀਆਂ ਨੇ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਸਨ ਅਤੇ ਰਿਕਾਰਡ ੯ਿੱਤ ਪ੍ਰਾਪਤ ਕੀਤੀ ਸੀ ਪਰ ਬਾਅਦ ਵਿੱਚ ਅਕਾਲੀ ਦਲ ਨੇ ਇਹ ਗਠਜੋੜ ਤੋੜ ਕੇ ਭਾਜਪਾ ਨਾਲ ਹੱਥ ਮਿਲਾ ਲਿਆ ਸੀ।

ਇਸ ਵਾਰ ਫਿਰ ਸਭ ਭੁੱਲ ਕੇ ਤੇ ਆਮ ਵੋਟਰਾਂ ਦੇ ਜਜ਼ਬਾਤਾਂ ਦੀ ਕਦਰ ਨਾ ਕਰਦੇ ਹੋਏ ਬਸਪਾ ਨੇ ਅਕਾਲੀ ਦਲ ਨਾਲ ਹੱਥ ਮਿਲਾਇਆ ਪਰ ਲੋਕਾਂ ਨੇ ਇਸ ਵਾਰ ਵਿਸ਼ਵਾਸ ਨਹੀ ਕੀਤਾ। ਅਜਿਹਾ ਹੀ ਹਾਲ ਬਸਪਾ ਸੁਪਰੀਮੋ ਕੇਂਦਰ ਦੀ ਸੱਤਾ ਵਿੱਚ ਸਥਾਪਿਤ ਹੋਣ ਲਈ ਵਰਤ ਰਹੀ ਹੱਥ ਕੰਢਿਆਂ ਤੋ ਦੇਖਿਆ ਜਾ ਸਕਦਾ ਹੈ। ਦਿੱਲੀ ਵਿੱਚ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਮਾਇਆਵਤੀ ਨੇ ਇੱਕ ਵਾਰ ਫਿਰ ਸਿਆਸੀ ਗੁਗਲੀ ਖੇਡੀ ਹੈ। ਮਾਇਆਵਤੀ ਵੱਲੋਂ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿੱਚ ਬੋਲਣ ਅਤੇ ਪ੍ਰੋਗਰਾਮ ਸਬੰਧੀ ਭਾਜਪਾ ਨੂੰ ਸਹੀ ਦੱਸਣਾ ਕੀਤੇ ਨਾ ਕੀਤੇ ਭਾਜਪਾ ਦੇ ਕਰੀਬ ਜਾਣ ਦੀ ਚਾਲ ਹੈ। ਸੰਸਦ ਭਵਨ ਦੀ ਨਵੀਂ ਇਮਾਰਤ ਦੇ ਉਦਘਾਟਨ ਨੂੰ ਲੈ ਕੇ ਚੱਲ ਰਹੇ ਹੰਗਾਮੇ ਵਿੱਚ ਬਸਪਾ ਸੁਪਰੀਮੋ ਮਾਇਆਵਤੀ ਕੇਂਦਰ ਸਰਕਾਰ ਦੇ ਹੱਕ ਵਿੱਚ ਖੜ੍ਹੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਪ੍ਰੋਗਰਾਮ ਦਾ ਬਾਈਕਾਟ ਕਰਨਾ ਬੇਇਨਸਾਫ਼ੀ ਹੈ। ਕਿਉਂਕਿ ਸਰਕਾਰ ਨੇ ਇਸ ਨੂੰ ਬਣਾਇਆ ਹੈ, ਇਸ ਲਈ ਇਸਦਾ ਉਦਘਾਟਨ ਕਰਨ ਦਾ ਅਧਿਕਾਰ ਵੀ ਸਰਕਾਰ ਕੋਲ ਹੈ।

ਇਸ ਮਾਮਲੇ ਨੂੰ ਲੈ ਕੇ ਬਸਪਾ ਮੁਖੀ ਮਾਇਆਵਤੀ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਹੱਕ ਵਿੱਚ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ, ਬਸਪਾ ਨੇ ਹਮੇਸ਼ਾ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੌਮੀ ਅਤੇ ਲੋਕ ਹਿੱਤ ਦੇ ਮੁੱਦਿਆਂ ‘ਤੇ ਉਨ੍ਹਾਂ ਦਾ ਸਾਥ ਦਿੱਤਾ ਹੈ। ਭਾਜਪਾ ਸਰਕਾਰ ਨੇ ਇਹ ਇਮਾਰਤ ਬਣਾਈ ਹੈ, ਇਸ ਲਈ ਇਸ ਦਾ ਉਦਘਾਟਨ ਕਰਨ ਦਾ ਅਧਿਕਾਰ ਉਸ ਕੋਲ ਹੈ। ਉਸ ਨੇ ਕਿਹਾ ਹੈ ਕਿ ਉਸ (ਮਾਇਆਵਤੀ) ਨੂੰ ਵੀ ਇਸ ਪ੍ਰੋਗਰਾਮ ਲਈ ਸੱਦਾ ਪੱਤਰ ਮਿਲਿਆ ਹੈ ਪਰ ਉਹ ਮੀਟਿੰਗਾਂ ਵਿੱਚ ਰੁਝੇਵਿਆਂ ਕਾਰਨ ਇਸ ਵਿੱਚ ਸ਼ਾਮਲ ਨਹੀਂ ਹੋ ਸਕੇਗੀ। ਇਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਸਮੇਂ ਬਸਪਾ ਸੁਪਰੀਮੋ ਨੇ ਉਸੇ ਪਾਰਟੀ ਦੇ ਹੱਕ ਵਿੱਚ ਟਵੀਟ ਕੀਤਾ ਹੈ, ਜਿਸ ਪਾਰਟੀ ਨੂੰ ਕਦੇ ਦਲਿਤ ਵਿਰੋਧੀ ਕਹਿ ਕੇ ਭੰਡਿਆ ਤੇ ਕਦੇ ਕਿਹਾ ਕਿ ਇਹ ਪਾਰਟੀ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈ।

ਇਕ ਝਾਤ… ਪ੍ਰਕਾਸ਼ ਸਿੰਘ ਬਾਦਲ ਨੇ ਸੈਂਕੜੇ ਅਕਾਲੀ ਵਰਕਰਾਂ ਨਾਲ 27 ਫਰਵਰੀ 1984 ਨੂੰ ਦਿੱਲੀ ਦੇ ਇਤਿਹਾਸਕ ਬੰਗਲਾ ਸਾਹਿਬ ਗੁਰਦੁਆਰੇ ਦੇ ਬਾਹਰ ਸੰਵਿਧਾਨ ਦੀ ਧਾਰਾ 25 ਦੀ ਧਾਰਾ ਏ ਦੀ ਕਾਪੀ ਸਾੜ ਦਿੱਤੀ ਸੀ। ਪ੍ਰਕਾਸ਼ ਸਿੰਘ ਬਾਦਲ ਸਮੇਤ ਅਕਾਲੀ ਦਲ ਇਸ ਧਾਰਾ ਨੂੰ ਬਦਲਣ ਦੀ ਮੰਗ ਕਰ ਰਿਹਾ ਸੀ ਤਾਂ ਜੋ ਸਿੱਖਾਂ ਨੂੰ ਸੰਵਿਧਾਨ ਵਿੱਚ ਵੱਖਰੀ ਪਛਾਣ ਮਿਲ ਸਕੇ। ਇਸ ਘਟਨਾ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਗ੍ਰਿਫਤਾਰ ਕਰ ਲਿਆ ਗਿਆ।

error: Content is protected !!