ਮਹਾਰਾਸ਼ਟਰ ਵਿਚ ਖੁਦ ਨੂੰ ਕਾਨੂੰਨ ਤੋਂ ਉਪਰ ਸਮਝ ਭੀੜ ਨੇ ਤਿੰਨ ਸਿੱਖ ਬੱਚਿਆਂ ਦੀ ਜਲਾਦ ਬਣ ਕੀਤੀ ਕੁੱਟਮਾਰ, ਇਕ 14 ਸਾਲਾ ਬੱਚੇ ਦੀ ਹੋ ਗਈ ਮੌਤ

ਮਹਾਰਾਸ਼ਟਰ ਵਿਚ ਖੁਦ ਨੂੰ ਕਾਨੂੰਨ ਤੋਂ ਉਪਰ ਸਮਝ ਭੀੜ ਨੇ ਤਿੰਨ ਸਿੱਖ ਬੱਚਿਆਂ ਦੀ ਜਲਾਦ ਬਣ ਕੀਤੀ ਕੁੱਟਮਾਰ, ਇਕ 14 ਸਾਲਾ ਬੱਚੇ ਦੀ ਹੋ ਗਈ ਮੌਤ


ਵੀਓਪੀ ਬਿਊਰੋ, ਮੁੰਬਈ : ਮਹਾਰਾਸ਼ਟਰ ਦੇ ਪਰਭਨੀ ਵਿਚ ਭੀੜ ਨੇ ਖੁਦ ਨੂੰ ਕਾਨੂੰਨ ਤੋਂ ਉਪਰ ਸਮਝ ਸਿੱਖ ਭਾਈਚਾਰੇ ਦੇ ਤਿੰਨ ਬੱਚਿਆਂ ਉਤੇ ਬੱਕਰੀ ਚੋਰ ਹੋਣ ਦਾ ਦੋਸ਼ ਲਾ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਨ੍ਹਾਂ ‘ਚੋਂ ਇਕ 14 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਪੁਲਿਸ ਨੇ ਦੋ ਨੂੰ ਬਚਾ ਕੇ ਹਸਪਤਾਲ ‘ਚ ਦਾਖਲ ਕਰਵਾਇਆ।
ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕੁੱਲ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁੱਖ ਮੁਲਜ਼ਮ ਗ੍ਰਾਮ ਪੰਚਾਇਤ ਦੇ ਸਾਬਕਾ ਸਰਪੰਚ ਅਕਰਮ ਪਟੇਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ, 27 ਮਈ ਨੂੰ ਮਹਾਰਾਸ਼ਟਰ ਦੇ ਪਰਭਾਨੀ ਵਿਚ ਤਿੰਨ ਸਿੱਖ ਬੱਚਿਆਂ ਨੂੰ ਲੋਕਾਂ ਨੇ ਬੱਕਰੀ ਚੋਰ ਸਮਝ ਕੇ ਕੁੱਟਿਆ ਸੀ, ਜਿਸ ਵਿਚ ਇੱਕ ਸਿੱਖ ਬੱਚੇ ਦੀ ਮੌਤ ਹੋ ਗਈ।
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਪਰਭਾਨੀ ਜ਼ਿਲ੍ਹੇ ਦੇ ਪਿੰਡ ਉਖਲਾਦ ਵਿਚ ਤਿੰਨ ਨਾਬਾਲਗ ਸਿੱਖਾਂ ਦੀ ਭੀੜ ਵੱਲੋਂ ਕੁੱਟਮਾਰ ਕਰਨ ਤੇ ਇਕ ਦੀ ਹੱਤਿਆ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ।

ਹਰਜਿੰਦਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ‘ਚ ਕ੍ਰਿਪਾਲ ਸਿੰਘ ਨਾਂ ਦੇ ਸਿੱਖ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਦੋ ਹੋਰ ਸਿੱਖ ਅਵਤਾਰ ਸਿੰਘ ਅਤੇ ਅਰੁਣ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਹਨ। ਧਾਮੀ ਨੇ ਕਿਹਾ ਕਿ ਮਹਾਰਾਸ਼ਟਰ ਪੁਲਿਸ ਨੂੰ ਇਸ ਅਪਰਾਧ ਦੇ ਸਾਰੇ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਅਤੇ ਸਖ਼ਤ ਅਤੇ ਮਿਸਾਲੀ ਸਜ਼ਾ ਯਕੀਨੀ ਬਣਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸਿੱਖ ਮਾਨਸਿਕਤਾ ਨੂੰ ਡੂੰਘੀ ਠੇਸ ਪਹੁੰਚੀ ਹੈ ਅਤੇ ਸਮੁੱਚੇ ਸਿੱਖ ਜਗਤ ਵਿਚ ਰੋਹ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਹ ਘਿਨੌਣਾ ਅਪਰਾਧ ਮਨੁੱਖਤਾ ਦੇ ਨਾਂ ‘ਤੇ ਕਲੰਕ ਹੈ, ਜਿਸ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

error: Content is protected !!