ਪੁੱਛਗਿੱਛ ਲਈ ਚੋਰਾਂ ਨੂੰ ਗੱਡੀ ਵਿਚ ਲਿਜਾ ਰਹੀ ਸੀ ਪੁਲਿਸ, ਫਿਲਮੀ ਸਟਾਈਲ ਵਿਚ ਮੁਲਜ਼ਮਾਂ ਨੇ ਕਰ’ਤਾ ਕਾਰਾ

ਪੁੱਛਗਿੱਛ ਲਈ ਚੋਰਾਂ ਨੂੰ ਗੱਡੀ ਵਿਚ ਲਿਜਾ ਰਹੀ ਸੀ ਪੁਲਿਸ, ਫਿਲਮੀ ਸਟਾਈਲ ਵਿਚ ਮੁਲਜ਼ਮਾਂ ਨੇ ਕਰ’ਤਾ ਕਾਰਾ


ਵੀਓਪੀ ਬਿਊਰੋ, ਖੰਨਾ :  ਚੋਰੀ ਦੇ ਮਾਮਲੇ ਵਿਚ ਕਾਬੂ ਮੁਲਜ਼ਮਾਂ ਨੂੰ ਪੁਲਿਸ ਪੁੱਛਗਿੱਛ ਲਈ ਗੱਡੀ ਵਿਚ ਲਿਜਾ ਰਹੀ ਸੀ ਕਿ ਖੰਨਾ ਦੇ ਸਮਰਾਲਾ ਰੋਡ ਉਤੇ ਮੁਲਜ਼ਮਾਂ ਨੇ ਕਾਰਾ ਕਰ ਦਿੱਤਾ। ਇਥੇ ਸਮਰਾਲਾ ਰੋਡ ਪੁਲ ਥੱਲੇ ਸਬਜ਼ੀ ਮੰਡੀ ਲੱਗੀ ਹੋਈ ਸੀ ਅਤੇ ਲੋਕਾਂ ਦੀ ਭੀੜ ਸੀ। ਇਸੇ ਦੌਰਾਨ ਪੁਲ ਦੇ ਉੱਪਰੋਂ 2 ਵਿਅਕਤੀਆਂ ਨੇ ਥੱਲੇ ਛਾਲ ਮਾਰੀ ਤਾਂ ਉੱਥੇ ਮੌਜੂਦ ਲੋਕ ਦੇਖ ਕੇ ਹੈਰਾਨ ਰਹਿ ਗਏ। ਇੰਨੇ ‘ਚ ਹੀ ਛਾਲ ਮਾਰਨ ਵਾਲੇ ਵਿਅਕਤੀ ਆਲੇ-ਦੁਆਲੇ ਨੂੰ ਭੱਜ ਨਿਕਲੇ। ਥੋੜੀ ਦੇਰ ਬਾਅਦ ਹੀ ਜਦੋਂ ਪੁਲਿਸ ਦੀਆਂ ਗੱਡੀਆਂ ਨੇ ਘੇਰਾ ਪਾਇਆ ਅਤੇ ਪੁਲਿਸ ਵੀ ਪਿੱਛੇ ਭੱਜੀ ਤਾਂ ਲੋਕਾਂ ਦੇ ਸਮਝ ‘ਚ ਗੱਲ ਆਈ ਕਿ ਇਹ ਕੋਈ ਅਪਰਾਧੀ ਹਨ, ਜੋ ਪੁਲਿਸ ਦੇ ਹਿਰਾਸਤ ‘ਚੋਂ ਭੱਜ ਨਿਕਲੇ। ਪੁਲਿਸ ਨੇ ਆਲੇ-ਦੁਆਲੇ ਇਨ੍ਹਾਂ ਦਾ ਪਿੱਛਾ ਕਰਕੇ ਬੜੀ ਮੁਸ਼ਕਲ ਨਾਲ ਦੋਹਾਂ ਨੂੰ ਕਾਬੂ ਕੀਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਤਾਂ ਸਬਜ਼ੀ ਮੰਡੀ ‘ਚ ਬੈਠੇ ਸਨ ਤਾਂ ਇਸੇ ਦੌਰਾਨ ਪੁਲ ਤੋਂ ਫਿਲਮੀ ਸਟਾਈਲ ‘ਚ 2 ਵਿਅਕਤੀਆਂ ਨੇ ਥੱਲੇ ਛਾਲ ਮਾਰੀ ਅਤੇ ਭੱਜ ਗਏ।
ਦਰਅਸਲ ਮਲੌਦ ਥਾਣਾ ਅਧੀਨ ਆਉਂਦੀ ਸਿਆੜ ਚੌਕੀ ਦੀ ਪੁਲਿਸ ਨੇ 29 ਮਈ ਨੂੰ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਸਾਗਰ ਵਾਸੀ ਫਗਵਾੜਾ, ਵਿਜੈ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਰਾਹੁਲ ਵਾਸੀ ਮੁਕੇਰੀਆਂ ਨੂੰ ਕਾਬੂ ਕੀਤਾ ਸੀ। ਤਰਵਿੰਦਰ ਬੇਦੀ ਚੌਕੀ ਇੰਚਾਰਜ ਨੇ ਦੱਸਿਆ ਕਿ ਇਹ ਤਿੰਨੋਂ ਪੁਲਸ ਰਿਮਾਂਡ ‘ਤੇ ਚੱਲ ਰਹੇ ਸੀ।


ਜਦੋਂ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਨ ਮਗਰੋਂ ਪੁੱਛਗਿੱਛ ਲਈ ਸੀਆਈਏ ਸਟਾਫ ਲਿਆਂਦਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਖੰਨਾ ਨਵਾਂਸ਼ਹਿਰ ਮਾਰਗ ਦੇ ਸਮਰਾਲਾ ਰੋਡ ਪੁਲ ‘ਤੇ 2 ਚੋਰਾਂ ਨੇ ਪੁਲਿਸ ਦੀ ਚੱਲਦੀ ਗੱਡੀ ‘ਚੋਂ ਛਾਲ ਮਾਰ ਦਿੱਤੀ। ਚੌਕੀ ਇੰਚਾਰਜ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਇਹ ਵਿਅਕਤੀ ਨਸ਼ਾ ਕਰਨ ਦੇ ਵੀ ਆਦੀ ਹਨ। ਇਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਸੀ. ਆਈ. ਏ. ਸਟਾਫ਼ ਵਿਖੇ ਇਨ੍ਹਾਂ ਕੋਲੋਂ ਪੁੱਛਗਿੱਛ ਹੋਵੇਗੀ, ਜਿਸ ਕਾਰਨ ਇਨ੍ਹਾਂ ਨੇ ਭਜਣ ਦੀ ਕੋਸ਼ਿਸ਼ ਕੀਤੀ।

error: Content is protected !!