‘ਸ੍ਰੀ ਹਰਿਮੰਦਰ ਸਾਹਿਬ ਨੇੜੇ ਚਾਰ ਬੰਬ ਰੱਖੇ ਨੇ, ਰੋਕ ਸਕਦੇ ਤਾਂ ਰੋਕ ਲੋ’, ਅਣਪਛਾਤੇ ਨੇ ਫੋਨ ਉਤੇ ਚੈਲੇਂਜ ਕਰ ਪੁਲਿਸ ਨੂੰ ਸਾਰੀ ਰਾਤ ਪਾਈ ਰੱਖਿਆ ਭੜਥੂ, ਚਾਰ ਜਣੇ ਹਿਰਾਸਤ ਵਿਚ ਲਏ
ਵੀਓਪੀ ਬਿਊਰੋ, ਅੰਮ੍ਰਿਤਸਰ : ‘ਸ੍ਰੀ ਹਰਿਮੰਦਰ ਸਾਹਿਬ ਨੇੜੇ ਚਾਰ ਬੰਬ ਰੱਖੇ ਨੇ, ਜੇ ਪੁਲਿਸ ਵਿਚ ਹਿੰਮਤ ਹੈ ਤਾਂ ਰੋਕ ਲਵੇ’ ਇਹ ਚੈਲੇਂਜ ਇਕ ਅਣਪਛਾਤੇ ਫੋਨ ਕਾਲਰ ਨੇ ਪੁਲਿਸ ਕੰਟਰੋਲ ਰੂਮ ਵਿਚ ਫੋਨ ਕਰ ਕੇ ਦਿੱਤਾ। ਇਸ ਫੋਨ ਕਾਲ ਨੇ ਅੱਧੀ ਰਾਤ ਪੁਲਿਸ ਨੂੰ ਭੜਥੂ ਪਾ ਦਿੱਤਾ। ਸ੍ਰੀ ਹਰਿਮੰਦਰ ਸਾਹਿਬ ਨੇੜੇ ਕਿਸੇ ਥਾਂ ’ਤੇ ਚਾਰ ਬੰਬ ਰੱਖੇ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ 1.30 ਵਜੇ ਪੂਰੇ ਸੂਬੇ ਨੂੰ ਅਲਰਟ ਕਰ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਨ ਲਈ ਪੁਲਿਸ ਲਾਈਨ ਤੋਂ ਤੁਰੰਤ ਦਸ ਬੰਬ ਨਿਰੋਧਕ ਦਸਤੇ ਪਹੁੰਚ ਗਏ। ਸਵੇਰੇ 4 ਵਜੇ ਤੱਕ ਘਰ-ਘਰ ਜਾ ਕੇ ਤਲਾਸ਼ੀ ਲਈ ਗਈ ਪਰ ਬੰਬ ਕਿਧਰੇ ਨਹੀਂ ਮਿਲਿਆ।ਦੂਜੇ ਪਾਸੇ ਪੁਲਿਸ ਦੀ ਸਾਈਬਰ ਟੀਮ ਮੋਬਾਈਲ ਨੰਬਰ ਨੂੰ ਟਰੇਸ ਕਰ ਰਹੀ ਸੀ ਜਿਸ ਨੇ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸਵੇਰੇ ਪੰਜ ਵਜੇ ਪੁਲਿਸ ਨੇ ਇੱਕ ਨਿਹੰਗ (20) ਸਮੇਤ ਚਾਰ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ। ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਸ਼ਰਾਰਤ ਕਰਨ ਦੀ ਨੀਅਤ ਨਾਲ ਇਹ ਸੁਨੇਹਾ ਪੁਲਿਸ ਕੰਟਰੋਲ ਰੂਮ ਨੂੰ ਦਿੱਤਾ ਸੀ। ਹਾਲਾਂਕਿ ਕਿਸੇ ਅਧਿਕਾਰੀ ਨੇ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਹੈ।
ਪੁਲਿਸ ਸ਼ਨੀਵਾਰ ਦੁਪਹਿਰ ਤੱਕ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ 1.30 ਵਜੇ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਕਿਸੇ ਅਣਪਛਾਤੇ ਮੋਬਾਈਲ ਨੰਬਰ ਤੋਂ ਸੂਚਨਾ ਦਿੱਤੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਚਾਰ ਬੰਬ ਲੁਕੇ ਹੋਏ ਹਨ। ਜੇਕਰ ਪੁਲਿਸ ‘ਚ ਹਿੰਮਤ ਹੈ ਤਾਂ ਉਹ ਇਨ੍ਹਾਂ ਚਾਰ ਧਮਾਕਿਆਂ ਨੂੰ ਰੋਕੇ।
ਇਸ ਤੋਂ ਬਾਅਦ ਮੁਲਜ਼ਮ ਨੇ ਕਾਲ ਕੱਟ ਦਿੱਤੀ। ਪਰ ਕੰਟਰੋਲ ਰੂਮ ’ਤੇ ਬੈਠੀ ਟੀਮ ਨੇ ਮੁਲਜ਼ਮਾਂ ਨੂੰ ਕਈ ਵਾਰ ਵਾਪਸ ਕਾਲ ਕੀਤੀ ਪਰ ਉਸਨੇ ਨਹੀਂ ਚੁੱਕਿਆ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਪੀ ਨੌਨਿਹਾਲ ਸਿੰਘ ਨੂੰ ਸੂਚਿਤ ਕੀਤਾ। ਕੁਝ ਦੇਰ ਬਾਅਦ ਹੀ ਪੁਲਿਸ ਲਾਈਨ ਤੋਂ ਦਸ ਬੰਬ ਨਿਰੋਧਕ ਟੀਮਾਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋ ਗਈਆਂ। ਹਾਲਾਂਕਿ ਉਦੋਂ ਤੱਕ ਪੂਰੇ ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ।
ਪੁਲਿਸ ਨੂੰ ਖ਼ਦਸ਼ਾ ਸੀ ਕਿ ਹਮਲਾਵਰ ਪੰਜਾਬ ਭਰ ਵਿੱਚ ਲੁਕੇ ਹੋ ਸਕਦੇ ਹਨ। ਪੁਲਿਸ ਨੇ ਸੰਵੇਦਨਸ਼ੀਲ ਇਲਾਕਿਆਂ ‘ਚ ਪਹੁੰਚ ਕੇ ਬੰਬ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਪਰ ਸਾਈਬਰ ਸੈੱਲ ਫੋਨ ਕਰਨ ਵਾਲੇ ਵਿਅਕਤੀ ਦੀ ਭਾਲ ‘ਚ ਸੀ। ਸਵੇਰ ਤੱਕ ਪੁਲਿਸ ਨੂੰ ਨਾ ਤਾਂ ਬੰਬ ਮਿਲਿਆ ਅਤੇ ਨਾ ਹੀ ਬੰਬ ਲਗਾਉਣ ਵਾਲੇ ਵਿਅਕਤੀ ਦਾ ਪਤਾ ਲੱਗਾ। ਸਵੇਰੇ ਪੰਜ ਵਜੇ ਪਤਾ ਲੱਗਾ ਕਿ ਫੋਨ ਕਰਨ ਵਾਲਾ ਮੁਲਜ਼ਮ ਸ੍ਰੀ ਹਰਿਮੰਦਰ ਸਾਹਿਬ ਨੇੜੇ ਬਾਂਸਾ ਵਾਲਾ ਬਾਜ਼ਾਰ ਵਿੱਚ ਰਹਿੰਦਾ ਹੈ ਅਤੇ ਉਸ ਨੇ ਚੋਰੀ ਹੋਏ ਮੋਬਾਈਲ ਰਾਹੀਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ।ਪੁਲਿਸ ਨੇ ਉਸ ਨੂੰ ਸਵੇਰੇ ਪੰਜ ਵਜੇ ਮੁਲਜ਼ਮ ਦੇ ਘਰੋਂ ਫੜ ਲਿਆ। ਪਤਾ ਲੱਗਾ ਹੈ ਕਿ ਫੋਨ ਕਰਨ ਵਾਲਾ 20 ਸਾਲਾ ਨਿਹੰਗ ਹੈ ਅਤੇ ਆਸਪਾਸ ਦੇ ਚਾਰ ਨਾਬਾਲਗ ਵੀ ਉਸ ਦੀ ਸ਼ਰਾਰਤ ਵਿਚ ਸ਼ਾਮਲ ਹਨ। ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਨਾਬਾਲਗਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਚੈਲੇਂਜ ਕਰਨਾ ਇਨ੍ਹਾਂ ਨੌਜਵਾਨਾਂ ਨੂੰ ਭਾਰੀ ਪੈ ਗਿਆ।