ਫਰਵਰੀ ਵਿਚ ਕੀਤਾ ਵਿਆਹ, ਜੂਨ ਵਿਚ ਗਲਾ ਘੁਟ ਕੇ ਕਰ’ਤੀ ਪਤਨੀ ਦੀ ਹੱਤਿਆ, ਲਾਸ਼ ਘਰ ਵਿਚ ਬੰਦ ਕਰ ਕੇ ਪਤੀ ਚਲਾ ਗਿਆ ਦਿੱਲੀ

ਫਰਵਰੀ ਵਿਚ ਕੀਤਾ ਵਿਆਹ, ਜੂਨ ਵਿਚ ਗਲਾ ਘੁਟ ਕੇ ਕਰ’ਤੀ ਪਤਨੀ ਦੀ ਹੱਤਿਆ, ਲਾਸ਼ ਘਰ ਵਿਚ ਬੰਦ ਕਰ ਕੇ ਪਤੀ ਚਲਾ ਗਿਆ ਦਿੱਲੀ


ਵੀਓਪੀ ਬਿਊਰੋ, ਨਾਭਾ : ਫਰਵਰੀ ਵਿਚ ਵਿਆਹੀ 22 ਸਾਲਾ ਜਸਵਿੰਦਰ ਕੌਰ ਦੀ ਵਿਆਹ ਦੇ ਚਾਰ ਮਹੀਨੇ ਬਾਅਦ ਹੀ ਜੂਨ ਵਿਚ ਅਰਥੀ ਉਠ ਗਈ। ਘਰੇਲੂ ਕਲੇਸ਼ ਇੰਨਾ ਵੱਧ ਗਿਆ ਕਿ ਪਤੀ ਨੇ ਉਸ ਦੀ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਦਿੱਲੀ ਚਲਾ ਗਿਆ। ਲਾਸ਼ ਘਰ ਵਿਚ ਬੰਦ ਦੋ ਦਿਨ ਸੜਦੀ ਰਹੀ। ਉਧਰ, ਮ੍ਰਿਤਕਾ ਦੇ ਪੇਕੇ ਵਾਲੇ ਧੀ ਤੇ ਜਵਾਈ ਨੂੰ ਫੋਨ ਕਰਦੇ ਰਹੇ ਪਰ ਫੋਨ ਬੰਦ ਆਏ। ਉਨ੍ਹਾਂ ਨੇ ਦੋਵਾਂ ਦੀ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਦੋਵਾਂ ਦੀ ਭਾਲ ਵਿਚ ਘਰ ਪਹੁੰਚੀ ਤਾਂ ਉਥੇ ਧੀ ਦੀ ਲਾਸ਼ ਪਈ ਵੇਖੀ।
ਜਾਣਕਾਰੀ ਅਨੁਸਾਰ ਗੋਬਿੰਦ ਨਗਰ ਕਾਲੋਨੀ ਨੇੜੇ 40 ਨੰਬਰ ਫਾਟਕ ਪਟਿਆਲਾ (ਸਨੌਰ) ਦੀ ਜਸਵਿੰਦਰ ਕੌਰ (22) ਦਾ ਵਿਆਹ ਅਮਨਦੀਪ ਸਿੰਘ ਨਾਲ ਕਰੀਬ 4 ਮਹੀਨੇ ਪਹਿਲਾਂ ਹੋਇਆ ਸੀ। ਘਰੇਲੂ ਕਲੇਸ਼ ਦੇ ਚਲਦਿਆਂ ਅਮਨਦੀਪ ਸਿੰਘ ਨੇ ਆਪਣੀ ਪਤਨੀ ਜਸਵਿੰਦਰ ਕੌਰ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਨੂੰ 2 ਦਿਨ ਘਰ ’ਚ ਹੀ ਰੱਖਿਆ।


ਥਾਣਾ ਕੋਤਵਾਲੀ ਨਾਭਾ ਦੇ ਐੱਸਐੱਚਓ ਹੈਰੀ ਬੋਪਾਰਾਏ ਨੇ ਦੱਸਿਆ ਕਿ ਪਤੀ ਵੱਲੋਂ ਆਪਣੀ ਪਤਨੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਪਤੀ ਨੇ 2 ਦਿਨ ਪਹਿਲਾਂ ਹੀ ਆਪਣੀ ਪਤਨੀ ਦਾ ਕਤਲ ਕੀਤਾ ਸੀ ਅਤੇ ਲਾਸ਼ ਕਮਰੇ ’ਚ ਹੀ ਪਈ ਰਹੀ। ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਦਾ ਵਿਆਹ ਇਸੇ ਸਾਲ ਫਰਵਰੀ ਮਹੀਨੇ ਹੋਇਆ ਸੀ। ਉਸ ਦਾ ਪਤੀ ਡਰਾਈਵਰ ਸੀ। 13 ਜੂਨ ਨੂੰ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਉਸ ਦੇ ਪਤੀ ਨੇ ਗਲ਼ਾ ਘੁੱਟ ਕੇ ਪਤਨੀ ਦੀ ਹੱਤਿਆ ਕਰ ਦਿੱਤੀ। ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਉਹ ਦਿੱਲੀ ਨਿਕਲ ਗਿਆ ਤੇ ਫੋਨ ਬੰਦ ਕਰ ਦਿੱਤਾ। ਉਕਤ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੇ ਜਦ ਉਸ ਨੂੰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ। ਜਵਾਈ ਦਾ ਵੀ ਫੋਨ ਬੰਦ ਸੀ। ਇਸ ‘ਤੇ ਉਨ੍ਹਾਂ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਿਤ ਕੀਤਾ।ਉਧਰ ਦਿੱਲੀ ਤੋਂ ਪਰਤੇ ਪਤੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਮੁਲਜ਼ਮ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ। ਉਸ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

error: Content is protected !!