ਲੁਧਿਆਣਾ Money Heist ਦੀ ਮਾਸਟਰ ਮਾਈਂਡ ਡਾਕੂ ਹਸੀਨਾ ਤੇ ਉਸ ਦਾ ਪਤੀ ਉਤਰਾਖੰਡ ਤੋਂ ਗ੍ਰਿਫ਼ਤਾਰ
ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ਸ਼ਹਿਰ ਵਿਚ ਹੋਈ ਸਾਢੇ ਅੱਠ ਕਰੋੜ 49 ਲੱਖ ਰੁਪਏ ਦੀ Money Heist ਦੇ ਮਾਮਲੇ ‘ਚ ਆਖ਼ਰਕਾਰ ਕੇਸ ਦੀ ਮਾਸਟਰਮਾਈਂਡ ‘ਡਾਕੂ ਹਸੀਨਾ’ ਨੂੰ ਪੁਲਿਸ ਅੜਿੱਕੇ ਚੜ੍ਹ ਗਈ ਹੈ। ਉਸ ਨੂੰ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਿਕ ਮਾਮਲੇ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਆਪਣੇ ਪਤੀ ਜਸਵਿੰਦਰ ਸਿੰਘ ਨਾਲ ਉਤਰਾਖੰਡ ਦੇ ਇਕ ਧਾਰਮਿਕ ਅਸਥਾਨ ‘ਤੇ ਲੁਕੀ ਹੋਈ ਸੀ। ਉਥੋਂ ਦੋਵਾਂ ਨੂੰ ਕਾਬੂ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਲੁਧਿਆਣਾ ਪੁਲਿਸ ਨੇ ਬੀਤੇ ਦਿਨ 5 ਟੀਮਾਂ ਦਾ ਗਠਨ ਕਰ ਕੇ ਉਨ੍ਹਾਂ ਨੂੰ ਵੱਖ-ਵੱਖ ਸੂਬਿਆਂ ਵਿਚ ਰਵਾਨਾ ਕੀਤਾ ਸੀ। ਪੁਲਿਸ ਦੀ ਇੱਕ ਟੀਮ ਨੇ ਇਸ ਨੂੰ ਉਤਰਾਖੰਡ ਤੋਂ ਕਾਬੂ ਕੀਤਾ ਹੈ। ਅਧਿਕਾਰਤ ਪੁਲਿਸ ਸੂਤਰਾਂ ਮੁਤਾਬਕ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਉਸ ਦਾ ਪਿੱਛਾ ਕਰ ਰਹੀ ਸੀ ਅਤੇ ਉਸ ਨੂੰ ਉੱਤਰਾਖੰਡ ਤੋਂ ਫੜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਲੁੱਟ ਦੀ ਸਾਰੀ ਵਾਰਦਾਤ ਨੂੰ ਸੁਲਝਾ ਲਿਆ ਹੈ ਅਤੇ ਪਹਿਲਾਂ ਹੀ ਛੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਹੁਣ ਤੱਕ ਇਸ ਮਾਮਲੇ ਵਿੱਚ 5 ਕਰੋੜ 75 ਲੱਖ ਦੀ ਰਿਕਵਰੀ ਹੋ ਚੁੱਕੀ ਹੈ। ਇਹ ਸਾਂਝਾ ਆਪ੍ਰੇਸ਼ਨ ਲੁਧਿਆਣਾ ਪੁਲਿਸ ਦੀ ਕਾਉਂਟਰ ਇੰਟੀਲੈਂਸ ਅਤੇ ਉਤਰਾਖੰਡ ਵੱਲੋਂ ਚਲਾਇਆ ਗਿਆ ਸੀ। ਬੀਤੇ ਦਿਨੀਂ ਪੁਲਿਸ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ‘ਚੋਂ ਅਤੇ ਉਨ੍ਹਾਂ ਦੇ ਇਸ਼ਾਰੇ ‘ਤੇ ਕਮਿਸ਼ਨਰੇਟ ਪੁਲਿਸ ਨੇ 5 ਕਰੋੜ ਸੱਤ ਸੌ ਰੁਪਏ ਦੀ ਨਕਦੀ, ਸੀ.ਐਮ.ਐਸ ਕੰਪਨੀ ਦੀ ਕਾਰ, ਜੁਰਮ ‘ਚ ਵਰਤੀ ਗਈ ਕਾਰ, ਤਿੰਨ ਰਾਈਫ਼ਲਾਂ, 12 ਬੋਰ, ਤੇਜ਼ਧਾਰ ਹਥਿਆਰ, ਹਾਈਡ੍ਰੌਲਿਕ ਪੌੜੀ, ਨੀਲਾ ਬੈਗ ਬਰਾਮਦ ਕੀਤਾ। ਜਿਸ ਤੋਂ ਹਥੌੜਾ, ਛੀਨੀ, ਪਲੇਅਰ, ਪੇਚ, ਕਰਾਂਦੀ ਸਮੇਤ ਹੋਰ ਸੰਦ ਬਰਾਮਦ ਕੀਤੇ ਗਏ।