ਗਰਮੀ ਤੋਂ ਰਾਹਤ ਦਿਵਾਏਗਾ ਮੌਨਸੂਨ, ਪੰਜਾਬ ਵਿਚ ਇਸ ਤਰੀਕ ਨੂੰ ਪੁੱਜੇਗਾ, ਬਿਪਰਜੋਏ ਤੂਫਾਨ ਕਾਰਨ ਕਈ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ

ਗਰਮੀ ਤੋਂ ਰਾਹਤ ਦਿਵਾਏਗਾ ਮੌਨਸੂਨ, ਪੰਜਾਬ ਵਿਚ ਇਸ ਤਰੀਕ ਨੂੰ ਪੁੱਜੇਗਾ, ਬਿਪਰਜੋਏ ਤੂਫਾਨ ਕਾਰਨ ਕਈ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ


ਵੀਓਪੀ ਬਿਊਰੋ, ਚੰਡੀਗੜ੍ਹ-ਪੰਜਾਬ ਵਿਚ ਗਰਮੀ ਨੇ ਤੇਵਰ ਤਿੱਖੇ ਕੀਤੇ ਹੋਏ ਹਨ। ਲੋਕਾਂ ਦਾ ਗਰਮੀ ਨਾਲ ਜਿੱਥੇ ਬੁਰਾ ਹਾਲ ਹੈ। ਦੁਪਹਿਰ ਸਮੇਂ ਸ਼ਹਿਰਾਂ ਤੇ ਬਾਜ਼ਾਰਾਂ ਵਿਚ ਸੰਨਾਟਾ ਪਸਰਿਆ ਰਹਿੰਦਾ ਹੈ। ਲੋਕ ਠੰਢੇ ਇਲਾਕਿਆਂ ਵਿਚ ਘੁੰਮਣ ਜਾ ਰਹੇ ਹਨ ਪਰ ਹੁਣ ਅਗਲੇ ਐਤਵਾਰ ਤਕ ਮੌਨਸੂਨ ਵੱਲੋਂ ਰਫਤਾਰ ਫੜਨ ਦੀ ਸੰਭਾਵਨਾ ਹੈ। ਮੌਨਸੂਨ ਪੂਰਬੀ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਪੈਦਾ ਕਰ ਰਿਹਾ ਹੈ। ਜੋ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਜ਼ਰੂਰ ਦੇਵੇਗਾ।
ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਜੂਨ ਦੇ ਅੰਤ ਅਤੇ ਜੁਲਾਈ ਦੀ ਸ਼ੁਰੂਆਤ ਤੱਕ ਚੰਗੀ ਅਤੇ ਨਿਯਮਤ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਭਾਰਤ ਦੇ ਪੱਛਮੀ, ਮੱਧ ਅਤੇ ਪੂਰਬੀ ਤੱਟ ‘ਤੇ ਆਮ ਨਾਲੋਂ ਜ਼ਿਆਦਾ ਬਾਰਸ਼ ਹੋਵੇਗੀ।
ਨਵੀਂ ਵੈਸਟਰਨ ਡਿਸਟਰਬੈਂਸ ਕਾਰਨ ਹਰਿਆਣਾ ਤੇ ਪੰਜਾਬ ਵਿਚ ਚੱਕਰਵਾਤੀ ਚੱਕਰ ਆਉਣ ਕਾਰਨ ਮੌਨਸੂਨ 27-28 ਜੂਨ ਦੇ ਆਸ-ਪਾਸ ਪਹੁੰਚਣ ਦੀ ਸੰਭਾਵਨਾ ਹੈ ਪਰ ਮੌਸਮ ਵਿਭਾਗ ਨੇ ਅਜੇ ਤੱਕ ਇਸ ਬਾਰੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਇਹ ਮੌਸਮ ਝੋਨੇ ਦੀ ਬਿਜਾਈ ਲਈ ਸਭ ਤੋਂ ਵਧੀਆ ਹੈ। ਝੋਨੇ ਦੀ ਬਿਜਾਈ ਲਈ ਜ਼ਿਆਦਾ ਪਾਣੀ ਦੀ ਲੋੜ ਹੈ, ਅਜਿਹੇ ‘ਚ ਮੀਂਹ ਪੈਣ ਨਾਲ ਪਾਣੀ ਦੀ ਕਮੀ ਦੂਰ ਹੋ ਜਾਵੇਗੀ।

ਤੂਫਾਨ ਬਿਪਰਜੋਏ ਕਾਰਨ ਇਨ੍ਹਾਂ ਜ਼ਿਲ੍ਹਾਂ ਵਿਚ ਯੈਲੋ ਅਲਰਟ
ਅਰਬ ਸਾਗਰ ਤੋਂ ਉੱਠੇ ‘ਬਹੁਤ ਗੰਭੀਰ ਚੱਕਰਵਾਤੀ ਤੂਫਾਨ ਬਿਪਰਜੋਏ’ ਦਾ ਅਸਰ ਪੰਜਾਬ ‘ਚ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਤੱਕ ਪੰਜਾਬ ਵਿੱਚ ਬੱਦਲਵਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੂਫਾਨ ਨਾਲ ਜਿੱਥੇ ਮਾਝੇ ਅਤੇ ਦੁਆਬੇ ‘ਚ ਗਰਮੀ ਵਧੇਗੀ, ਉਥੇ ਮਾਲਵੇ ਨੂੰ ਇਸ ਨਾਲ ਰਾਹਤ ਮਿਲੇਗੀ। ਦੂਜੇ ਪਾਸੇ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਨੂੰ ਖੇਤਾਂ ਵਿੱਚ ਨਾ ਜਾਣ, ਕੱਚੇ ਅਤੇ ਕਮਜ਼ੋਰ ਘਰਾਂ ਵਿੱਚ ਨਾ ਰਹਿਣ ਦੀ ਸਲਾਹ ਦਿੱਤੀ ਗਈ।

error: Content is protected !!