ਭਾਵੇਂ ਸੁਲਝ ਗਿਆ ਸਾਢੇ ਅੱਠ ਕਰੋੜ ਦੀ ਲੁੱਟ ਦਾ ਮਾਮਲਾ, ਡੇਢ ਕਰੋੜ ਰੁਪਏ ਹਾਲੇ ਵੀ ਗਾਇਬ , ਪੁਲਿਸ ਨੂੰ ਹੈ ਇਹ ਸ਼ੱਕ

ਭਾਵੇਂ ਸੁਲਝ ਗਿਆ ਸਾਢੇ ਅੱਠ ਕਰੋੜ ਦੀ ਲੁੱਟ ਦਾ ਮਾਮਲਾ, ਡੇਢ ਕਰੋੜ ਰੁਪਏ ਹਾਲੇ ਵੀ ਗਾਇਬ , ਪੁਲਿਸ ਨੂੰ ਹੈ ਇਹ ਸ਼ੱਕ


ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ਵਿਚ ਵਾਪਰੀ ਸੂਬੇ ਦੀ ਸਭ ਤੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਭਾਵੇਂ ਸੁਲਝਾ ਲਿਆ ਹੈ ਪਰ ਹਾਲੇ ਵਿਚ ਮਾਮਲੇ ਵਿਚ ਭੰਬਲਭੂਸਾ ਬਣਿਆ ਹੋਇਆ ਹੈ। ਇਸ ਸਾਢੇ ਅੱਠ ਕਰੋੜ ਦੀ ਲੁੱਟ ਦੇ ਮਾਮਲੇ ’ਚ ਪੁਲਿਸ ਨੇ ਹਾਲੇ ਤਕ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਹੁਣ ਤਕ 6.96 ਕਰੋੜ ਰੁਪਏ ਬਰਾਮਦ ਵੀ ਕਰ ਲਏ ਹਨ। ਹੁਣ ਚਰਚਾ ਇਸ ਗੱਲ ਹੈ ਕਿ ਜਦੋਂ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਹਨ ਤਾਂ ਸਾਰਿਆਂ ਤੋਂ ਰਿਕਵਰੀ ਵੀ ਹੋ ਚੁੱਕੀ ਹੈ ਤਾਂ 1.53 ਕਰੋੜ ਰੁਪਏ ਕਿੱਥੇ ਹਨ? ਇਸ ਸਵਾਲ ਦਾ ਜਵਾਬ ਲੱਭਣ ਲਈ ਪੁਲਿਸ ਹਾਲੇ 16 ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਹੁਣ ਇਸ ਗੱਲ ਦੀ ਉਮੀਦ ਘੱਟ ਹੈ ਕਿ ਹੋਰ ਰਿਕਵਰੀ ਹੋ ਸਕੇ। ਇਸ ਲਈ ਹੁਣ ਕੰਪਨੀ ਦੀ ਜਾਣਕਾਰੀ ਮੁੜ ਸ਼ੱਕ ਦੇ ਘੇਰੇ ’ਚ ਹੈ। ਜਦਕਿ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਪਹਿਲਾਂ ਹੀ ਇਸ ’ਤੇ ਸਵਾਲ ਖੜ੍ਹੇ ਕਰ ਰਹੇ ਹਨ।

ਹੁਣ ਲੁੱਟ ਮਾਮਲੇ ’ਚ ਸਾਰੇ ਮੁਲਜ਼ਮਾਂ ਦਾ ਬੁੱਧਵਾਰ ਨੂੰ ਪੁਲਿਸ ਰਿਮਾਂਡ ਖਤਮ ਹੋ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਲੁੱਟ ਦੀ ਵਾਰਦਾਤ ਤੋਂ ਬਾਅਦ ਸੀਐੱਮਐੱਸ ਕੰਪਨੀ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਕੰਪਨੀ ’ਚੋਂ 8 ਕਰੋੜ 49 ਲੱਖ ਰੁਪਏ ਦੀ ਡਕੈਤੀ ਹੋਈ ਹੈ। ਇਸੇ ਹਿਸਾਬ ਨਾਲ ਹਾਲੇ ਇਕ ਕਰੋੜ 53 ਲੱਖ ਰੁਪਏ ਦੀ ਰਿਕਵਰੀ ਹੋਣੀ ਬਾਕੀ ਹੈ। ਕੰਪਨੀ ਵੱਲੋਂ ਪੁਲਿਸ ਨੇ ਡਕੈਤੀ ਦੀ ਰਕਮ ਸਬੰਧੀ ਦੋ ਵਾਰ ਜਾਣਕਾਰੀ ਦਿੱਤੀ ਹੈ, ਪਹਿਲਾਂ ਮੁੱਢਲੀ ਜਾਂਚ ’ਚ ਦੱਸਿਆ ਗਿਆ ਸੀ ਕਿ 6 ਕਰੋੜ 32 ਲੱਖ ਰੁਪਏ ਦੀ ਡਕੈਤੀ ਹੋਈ ਹੈ ਤੇ ਬਾਅਦ ’ਚ ਇਸ ਨੂੰ ਵਧਾ ਕੇ ਦੱਸਿਆ ਗਿਆ ਹੈ। ਪੁਲਿਸ ਕਮਿਸ਼ਨਰ ਲਗਾਤਾਰ ਇਸ ’ਤੇ ਸਵਾਲ ਖੜ੍ਹੇ ਕਰਦੇ ਆ ਰਹੇ ਹਨ ਕਿ ਕੰਪਨੀ ਕਿਵੇਂ ਦੋ ਵਾਰ ਜਾਣਕਾਰੀ ਦੇ ਸਕਦੀ ਹੈ, ਜਦਕਿ ਉਨ੍ਹਾਂ ਦਾ ਰੋਜ਼ਾਨਾ ਆਡਿਟ ਹੁੰਦਾ ਹੋਵੇਗਾ। ਪੁਲਿਸ ਨੇ ਇਸ ਲਈ ਛੇ ਮੈਂਬਰੀ ਕਮੇਟੀ ਬਣਾਈ ਸੀ ਤੇ ਕੰਪਨੀ ਤੋਂ ਉਸ ਦਿਨ ਦੀ ਆਡਿਟ ਰਿਪੋਰਟ ਲਈ ਸੀ। ਇਸ ਦੀ ਜਾਂਚ ਲਈ ਪੁਲਿਸ ਹੁਣ ਮਾਹਿਰਾਂ ਤੋਂ ਸਲਾਹ ਲੈ ਰਹੀ ਹੈ।

error: Content is protected !!