ਨਾਬਾਲਿਗਾ ਨਾਲ ਜਬਰ ਜਨਾਹ ਕਰ ਕੇ ਭੱਜਿਆ ਯੂਪੀ, ਪੁਲਿਸ ਤੋਂ ਬਚਣ ਲਈ ਭੇਸ ਬਦਲ ਕੇ ਬਣਿਆ ਸਿੱਖ, ਪਾਠੀ ਵਜੋਂ ਨਿਭਾ ਰਿਹਾ ਸੀ ਸੇਵਾ, ਗ੍ਰਿਫ਼ਤਾਰ

ਨਾਬਾਲਿਗਾ ਨਾਲ ਜਬਰ ਜਨਾਹ ਕਰ ਕੇ ਭੱਜਿਆ ਯੂਪੀ, ਪੁਲਿਸ ਤੋਂ ਬਚਣ ਲਈ ਭੇਸ ਬਦਲ ਕੇ ਬਣਿਆ ਸਿੱਖ, ਪਾਠੀ ਵਜੋਂ ਨਿਭਾ ਰਿਹਾ ਸੀ ਸੇਵਾ, ਗ੍ਰਿਫ਼ਤਾਰ


ਵੀਓਪੀ ਬਿਊਰੋ, ਚੰਡੀਗੜ੍ਹ : ਪੀਓ ਅਤੇ ਸੰਮਨ ਸੈੱਲ ਨੇ ਉੱਤਰ ਪ੍ਰਦੇਸ਼ ਦੇ ਬਦਾਯੂੰ ਤੋਂ ਭਗੌੜੇ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਹਰੀਚੰਦ ਵਜੋਂ ਹੋਈ ਹੈ। ਇਹ ਭਗੌੜਾ ਹੋਰ ਕੋਈ ਨਹੀਂ, ਨਾਬਾਲਿਗਾ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ’ਚ 24 ਸਾਲਾਂ ਤੋਂ ਫਰਾਰ ਮੁਲਜ਼ਮ ਹੈ। ਪੁਲਿਸ ਤੋਂ ਬਚਣ ਲਈ ਮੁਲਜ਼ਮ ਹਿੰਦੂ ਤੋਂ ਸਿੱਖ ਬਣ ਕੇ ਯੂਪੀ ਦੇ ਬਦਾਯੂੰ ਦੇ ਗੁਰਦੁਆਰਾ ਸਾਹਿਬ ਵਿਚ ਪਾਠੀ ਬਣਿਆ ਹੋਇਆ ਸੀ।


ਡੀਐੱਸਪੀ ਵਿਕਾਸ ਸ਼ਿਓਕੰਦ ਨੇ ਦੱਸਿਆ ਕਿ 6 ਦਸੰਬਰ 1999 ਨੂੰ ਹਰੀਚੰਦ ਨੂੰ ਅਦਾਲਤ ਨੇ ਨਾਬਾਲਿਗ ਲੜਕੀ ਨੂੰ ਅਗਵਾ ਕਰ ਕੇ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਭਗੌੜਾ ਕਰਾਰ ਦਿੱਤਾ ਸੀ। ਉਸ ਨੂੰ ਫੜਨ ਲਈ ਇੰਸਪੈਕਟਰ ਹਰੀਓਮ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ ਸੀ। ਪੁਲਿਸ ਟੀਮ ਨੂੰ ਪਤਾ ਲੱਗਾ ਕਿ ਮੁਲਜ਼ਮ ਹਰੀਚੰਦ ਹਿੰਦੂ ਤੋਂ ਸਿੱਖ ਬਣ ਗਿਆ ਹੈ ਅਤੇ ਬਦਾਯੂੰ ਦੇ ਇਕ ਗੁਰਦੁਆਰਾ ਸਾਹਿਬ ਵਿਚ ਪਾਠੀ ਬਣ ਗਿਆ ਹੈ। ਪੀਓ ਸੈੱਲ ਦੀ ਟੀਮ ਨੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸੇਵਾਦਾਰਾਂ ਵਜੋਂ ਸੇਵਾ ਨਿਭਾਈ। ਹਰੀਚੰਦ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਟੀਮ ਨੇ 17 ਜੁਲਾਈ ਨੂੰ ਉਸ ਨੂੰ ਗੁਰਦੁਆਰੇ ਤੋਂ ਕਾਬੂ ਕਰ ਲਿਆ।


ਡੀ. ਐੱਸ. ਪੀ. ਨੇ ਦੱਸਿਆ ਕਿ ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਇਕ ਭੱਠੇ ’ਤੇ ਕੰਮ ਕਰਦਾ ਹੈ ਅਤੇ ਉਸ ਦੀ ਸਾਢੇ 15 ਸਾਲਾ ਬੇਟੀ ਨੂੰ ਭੱਠੇ ’ਤੇ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਨੇ ਅਗਵਾ ਕਰ ਲਿਆ। ਮਨੀਮਾਜਰਾ ਥਾਣੇ ਦੀ ਪੁਲਿਸ ਨੇ 6 ਦਸੰਬਰ 1999 ਨੂੰ ਕੇਸ ਦਰਜ ਕਰ ਕੇ ਪ੍ਰੇਮਪਾਲ, ਮਹਿੰਦਰ ਸਿੰਘ, ਹਰੀਚੰਦ, ਸ਼ੀਸ਼ਪਾਲ ਤੇ ਪ੍ਰੀਤਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜ਼ਮਾਨਤ ਮਿਲਣ ਤੋਂ ਬਾਅਦ ਮੁਲਜ਼ਮ ਹਰੀਚੰਦ ਅਦਾਲਤ ਵਿਚ ਪੇਸ਼ ਨਹੀਂ ਹੋਇਆ। 20 ਫਰਵਰੀ 2004 ਨੂੰ ਜ਼ਿਲ੍ਹਾ ਅਦਾਲਤ ਨੇ ਮੁਲਜ਼ਮ ਹਰੀਚੰਦ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਹੁਣ ਪੀਓ ਸੈੱਲ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।

error: Content is protected !!