ਘਰ ਵਿਚ ਦਾਖਲ ਹੋ ਕੇ ਕੁੜੀ ਨੂੰ ਜਬਰੀ ਲਿਜਾਣ ਲੱਗਾ, ਪਿਓ-ਭਰਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮਾਰ ਦਿੱਤੀਆਂ ਗੋਲ਼ੀਆਂ

ਘਰ ਵਿਚ ਦਾਖਲ ਹੋ ਕੇ ਕੁੜੀ ਨੂੰ ਜਬਰੀ ਲਿਜਾਣ ਲੱਗਾ, ਪਿਓ-ਭਰਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮਾਰ ਦਿੱਤੀਆਂ ਗੋਲ਼ੀਆਂ


ਵੀਓਪੀ ਬਿਊਰੋ, ਚੱਬੇਵਾਲ : ਪਿੰਡ ਜੰਡੋਲੀ ਵਿਖੇ ਬੀਤੀ ਰਾਤ ਕਰੀਬ 9 ਵਜੇ ਇਕ ਨੌਜਵਾਨ ਨੇ ਘਰ ਆ ਕੇ ਪਿਓ-ਪੁੱਤ ਦੀ ਕੁੱਟਮਾਰ ਕੀਤੀ ਤੇ ਬਾਅਦ ਵਿਚ ਉਨ੍ਹਾਂ ’ਤੇ ਗੋਲ਼ੀ ਚਲਾ ਕੇ ਗੰਭੀਰ ਜ਼ਖ਼ਮੀ ਕਰ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ।
ਥਾਣਾ ਚੱਬੇਵਾਲ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਰਨੈਲ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਜੰਡੋਲੀ ਥਾਣਾ ਚੱਬੇਵਾਲ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8.15 ਵਜੇ ਗੁਰਜਿੰਦਰ ਸਿੰਘ ਉਰਫ ਸੰਨੀ ਪੁੱਤਰ ਮਹਿੰਦਰ ਸਿੰਘ ਵਾਸੀ ਜੱਸੋਵਾਲ ਥਾਣਾ ਮਾਹਿਲਪੁਰ ਉਸ ਦੇ ਘਰ ਇਕ ਮੋਟਰਸਾਈਕਲ ’ਤੇ ਆਇਆ। ਉਸਨੇ ਉਸ ਦੀ ਕੁੜੀ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾੜੀ ਨੀਅਤ ਨਾਲ ਉਸ ਨੂੰ ਹਵੇਲੀ ਵੱਲ ਲੈ ਗਿਆ। ਇਸੇ ਦੌਰਾਨ ਉਸ ਦੇ ਪਰਿਵਾਰ ਵਾਲਿਆਂ ਨੇ ਕੁੜੀ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਸੰਨੀ ਨੇ ਉਸ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

ਜਦੋਂ ਉਸ ਦੇ ਮੁੰਡੇ ਕੁਲਵਿੰਦਰ ਸਿੰਘ ਉਰਫ ਬਿੱਲਾ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਜਿੰਦਰ ਸਿੰਘ ਸੰਨੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਉਹ ਭੱਜ ਗਿਆ। ਉਸ ਨੇ ਮੌਕੇ ’ਤੇ ਪੰਜ ਗੋਲ਼ੀਆਂ ਚਲਾਈਆਂ, ਜਿਨ੍ਹਾਂ ਵਿਚੋਂ ਦੋ ਗੋਲ਼ੀਆਂ ਕੁਲਵਿੰਦਰ ਸਿੰਘ ਬਿੱਲਾ ਨੂੰ ਲੱਗੀਆਂ ਅਤੇ ਇਕ ਗੋਲ਼ੀ ਉਸ ਨੂੰ ਲੱਗੀ।
ਜਾਣਕਾਰੀ ਅਨੁਸਾਰ ਪਿੰਡ ਜੰਡੋਲੀ ਵਿਖੇ ਗੁਰਜਿੰਦਰ ਸਿੰਘ ਉਰਫ ਸੰਨੀ ਪਿਛਲੇ ਕਾਫ਼ੀ ਸਮੇਂ ਤੋਂ ਕਰਨੈਲ ਸਿੰਘ ਦੇ ਘਰ ਆ ਰਿਹਾ ਸੀ। ਕਈ ਵਾਰ ਉਹ ਆਪਸ ਵਿਚ ਝਗੜਾ ਵੀ ਕਰਦੇ ਸਨ। ਜੰਡੋਲੀ ਦੇ ਪੰਚਾਇਤ ਮੈਂਬਰਾਂ ਨੇ ਦੱਸਿਆਂ ਕਿ ਕਰੀਬ 6 ਮਹੀਨੇ ਪਹਿਲਾਂ ਵੀ ਕਰਨੈਲ ਸਿੰਘ ਵੱਲੋਂ ਗੁਰਜਿੰਦਰ ਸਿੰਘ ਉਰਫ ਸੰਨੀ ਖ਼ਿਲਾਫ਼ ਥਾਣਾ ਚੱਬੇਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਸਬੰਧੀ ਪਤਵੰਤੇ ਸੱਜਣਾਂ ਨੇ ਉਸ ਨੂੰ ਸਮਝਾਇਆ ਸੀ ਕਿ ਗੁਰਜਿੰਦਰ ਸਿੰਘ ਹੁਣ ਪਿੰਡ ਜੰਡੋਲੀ ਕਰਨੈਲ ਸਿੰਘ ਦੇ ਘਰ ਨਹੀਂ ਆਵੇਗਾ ਪਰ ਬੀਤੀ ਰਾਤ ਉਸ ਨੇ ਕਰਨੈਲ ਸਿੰਘ ਦੇ ਘਰ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ।


ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਥਾਣਾ ਚੱਬੇਵਾਲ ਦੀ ਪੁਲਸ ਨੇ ਗੁਰਜਿੰਦਰ ਸਿੰਘ ਉਰਫ ਸੰਨੀ ਪੁੱਤਰ ਮਹਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਚੱਬੇਵਾਲ ਦੇ ਜਸਵੀਰ ਸਿੰਘ ਨੇ ਦੱਸਿਆ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!