ਸਾਈਬਰ ਠੱਗੀ; ਐਪ ਡਾਊਨਲੋਡ ਕਰਦਿਆਂ ਹੀ ਖਾਤੇ ਵਿਚੋਂ ਉਡੇ 5 ਲੱਖ ਰੁਪਏ

ਸਾਈਬਰ ਠੱਗੀ; ਐਪ ਡਾਊਨਲੋਡ ਕਰਦਿਆਂ ਹੀ ਖਾਤੇ ਵਿਚੋਂ ਉਡੇ 5 ਲੱਖ ਰੁਪਏ


ਵੀਓਪੀ ਬਿਊਰੋ, ਜਲੰਧਰ-ਵੈਸਟ ਬੰਗਾਲ ਦੇ ਸਾਈਬਰ ਠੱਗ ਗਿਰੋਹ ਨੇ ਜਲੰਧਰ ਦੇ ਨਿਊ ਹਰਬੰਸ ਨਗਰ ਦੇ ਵਸਨੀਕ ਨੂੰ ਸ਼ਿਕਾਰ ਬਣਾਇਆ ਹੈ। 72 ਸਾਲਾ ਸੁਰਿੰਦਰ ਅਰੋੜਾ ਇਸ ਸਾਈਬਰ ਠੱਗ ਗਿਰੋਹ ਦੇ ਝਾਂਸੇ ਵਿਚ ਆ ਗਏ। ਸਾਈਬਰ ਠੱਗਾਂ ਨੇ ਤਿੰਨ ਮਿੰਟ ਅੰਦਰ ਹੀ ਉਸ ਦੇ ਖਾਤੇ ਵਿੱਚੋਂ 5 ਲੱਖ ਰੁਪਏ ਕੱਢਵਾ ਲਏ। ਸਾਈਬਰ ਬ੍ਰਾਂਚ ਅਨੁਸਾਰ ਇਹ ਠੱਗੀ ਮਾਰਨ ਵਾਲਾ ਗਿਰੋਹ ਵੈਸਟ ਬੰਗਾਲ ਦਾ ਹੈ। ਸੁਰਿੰਦਰ ਅਰੋੜਾ ਨੇ ਦੱਸਿਆ ਕਿ ਉਸ ਨੂੰ ਦੋ ਫੋਨ ਨੰਬਰਾਂ ਤੋਂ ਕਾਲ ਆਈ ਸੀ। ਉਸ ਨੇ ਦੱਸਿਆ ਕਿ ਉਸ ਨੂੰ ਪਹਿਲੀ ਕਾਲ ਅਭਿਸ਼ੇਕ ਸ਼ਰਮਾ ਨਾਮਕ ਵਿਅਕਤੀ ਦੀ ਆਈ ਤੇ ਕਹਿਣ ਲੱਗਾ ਕਿ ਆਪ ਨੂੰ ਵਿਦੇਸ਼ ਤੋਂ ਪੈਸੇ ਆਉਣਗੇ, ਉਸ ’ਤੇ ਕੋਈ ਚਾਰਜ ਨਹੀਂ ਲੱਗੇਗਾ ਤੇ ਉਸ ਨੇ ਇੱਕ ਐਪ ਡਾਉੂਨਲੋਡ ਕਰਨ ਲਈ ਕਿਹਾ।


ਇਸ ਤੋਂ ਉਸ ਦੇ ਖਾਤੇ ਵਿਚੋਂ ਦੋ ਵਾਰੀ ਦੋ ਦੋ ਲੱਖ ਤੇ ਇੱਕ ਵਾਰ ਇੱਕ ਲੱਖ ਰੁਪਏ (ਕੁੱਲ ਪੰਜ ਲੱਖ ਰੁਪਏ) ਨਿਕਲ ਗਏ। ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ ਜਿਸ ਦੀ ਸ਼ਿਕਾਇਤ ਉਸ ਨੇ ਇਥੋਂ ਦੇ ਪੁਲਿਸ ਕਮਿਸ਼ਨਰ ਨੂੰ ਕੀਤੀ।
ਇਸ ਮਗਰੋਂ ਸਾਈਬਰ ਬ੍ਰਾਂਚ ਵੱਲੋਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਨੂੰ ਫੋਨ ਕਾਲ ਵੈਸਟ ਬੰਗਾਲ ਦੇ ਸ਼ਹਿਰ ਬਰੂਲ ਤੋਂ ਅਮੀਨ ਚੌਧਰੀ ਤੇ ਚੰਦਨ ਯਾਦਵ ਨੇ ਕੀਤੀਆਂ ਸਨ। ਥਾਣਾ ਬਸਤੀ ਖੇਲ ਨੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

error: Content is protected !!