ਮਾਈਨਿੰਗ ਮਾਫੀਆ ਦੀ ਗੁੰਡਾਗਰਦੀ; ਨਾਜਾਇਜ਼ ਮਾਈਨਿੰਗ ਰੋਕਣ ਗਈ ਪੁਲਿਸ ਟੀਮ ਉਤੇ ਹਮਲਾ, ਜ਼ਬਤ ਕੀਤੀ ਟਰਾਲੀ ਤੇ ਕਾਬੂ ਕੀਤਾ ਮੁਲਜ਼ਮ ਛੁਡਵਾ ਕੇ ਲੈ ਕੇ ਮੁਲਜ਼ਮ

ਮਾਈਨਿੰਗ ਮਾਫੀਆ ਦੀ ਗੁੰਡਾਗਰਦੀ; ਨਾਜਾਇਜ਼ ਮਾਈਨਿੰਗ ਰੋਕਣ ਗਈ ਪੁਲਿਸ ਟੀਮ ਉਤੇ ਹਮਲਾ, ਜ਼ਬਤ ਕੀਤੀ ਟਰਾਲੀ ਤੇ ਕਾਬੂ ਕੀਤਾ ਮੁਲਜ਼ਮ ਛੁਡਵਾ ਕੇ ਲੈ ਕੇ ਮੁਲਜ਼ਮ


ਮਾਛੀਵਾੜਾ ਸਾਹਿਬ (ਵੀਓਪੀ ਬਿਊਰੋ) : ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਡਰ ਭੈਅ ਨਹੀਂ ਰਿਹਾ। ਬੀਤੀ ਰਾਤ ਸਤਲੁਜ ਦਰਿਆ ਕਿਨਾਰੇ ਨਾਜਾਇਜ਼ ਮਾਈਨਿੰਗ ਰੋਕਣ ਗਏ ਮਾਛੀਵਾੜਾ ਪੁਲਿਸ ਦੇ ਸਹਾਇਕ ਥਾਣੇਦਾਰ ਅਤੇ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਾਰ ਪੁਲਿਸ ਦੇ ਕਬਜ਼ੇ ’ਚੋਂ ਨਾਜਾਇਜ਼ ਰੇਤੇ ਦੀ ਭਰੀ ਟਰਾਲੀ ਅਤੇ ਗ੍ਰਿਫ਼ਤਾਰ ਕੀਤਾ ਮੁਲਜ਼ਮ ਵੀ ਛੁਡਵਾ ਕੇ ਲੈ ਗਏ। ਮਾਛੀਵਾੜਾ ਪੁਲਸ ਵਲੋਂ ਇਸ ਮਾਮਲੇ ‘ਚ 7 ਤੋਂ ਜ਼ਿਆਦਾ ਵਿਅਕਤੀਆਂ ਦੀ ਪਛਾਣ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਕਈ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਤਲਾਨਾ ਹਮਲਾ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਕਿਨਾਰੇ ਰੇਤੇ ਦੀ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਇਸ ’ਤੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਸਤਲੁਜ ਦਰਿਆ ਤੋਂ ਰੇਤੇ ਦੀ ਭਰੀ ਟਰਾਲੀ ਪੁਲਿਸ ਪਾਰਟੀ ਨੇ ਕਾਬੂ ਕਰ ਲਈ ਅਤੇ ਚਾਲਕ ਨੂੰ ਕਾਬੂ ਵੀ ਕਰ ਲਿਆ।


ਪੁਲਿਸ ਪਾਰਟੀ ਟਰਾਲੀ ਅਤੇ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਮਾਛੀਵਾੜਾ ਥਾਣੇ ਵੱਲ ਆ ਰਹੀ ਸੀ ਤਾਂ ਰਸਤੇ ‘ਚ ਕਾਰ ਸਵਾਰ ਵਿਅਕਤੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਘੇਰ ਲਿਆ। ਇਹ ਕਾਰ ਸਵਾਰ ਵਿਅਕਤੀ ਪੁਲਿਸ ਨਾਲ ਹੱਥੋਪਾਈ ਕਰਨ ਲੱਗੇ, ਇੱਥੋਂ ਤੱਕ ਕਿ ਡੰਡਿਆਂ ਨਾਲ ਉਨ੍ਹਾਂ ’ਤੇ ਹਮਲਾ ਕਰ ਕੁੱਟਮਾਰ ਕੀਤੀ। ਹਮਲਾਵਾਰ ਪੁਲਿਸ ਕੋਲੋਂ ਰੇਤੇ ਦੀ ਭਰੀ ਟਰਾਲੀ ਅਤੇ ਗ੍ਰਿਫ਼ਤਾਰ ਕੀਤਾ ਮੁਲਜ਼ਮ ਵੀ ਪੁਲਿਸ ਕਬਜ਼ੇ ’ਚੋਂ ਛੁਡਵਾ ਕੇ ਲੈ ਗਏ। ਇਸ ਹਮਲੇ ‘ਚ ਫੱਟੜ ਹੋਏ ਸਹਾਇਕ ਥਾਣੇਦਾਰ ਜਸਵੰਤ ਸਿੰਘ ਅਤੇ ਮੁਲਾਜ਼ਮ ਪਰਮਜੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ। ਐੱਸ. ਐੱਸ. ਪੀ. ਖੰਨਾ ਨੇ ਦੱਸਿਆ ਕਿ ਇਸ ਹਮਲੇ ’ਚ ਦੋਵੇਂ ਮੁਲਾਜ਼ਮਾਂ ਦੀਆਂ ਹੱਡੀਆਂ ਵੀ ਫੈਕਚਰ ਹੋ ਗਈਆਂ ਹਨ, ਜਦਕਿ ਕੁੱਝ ਹੋਰ ਮੁਲਾਜ਼ਮ ਮਾਮੂਲੀ ਫੱਟੜ ਹੋਏ। ਪੁਲਸ ਅਨੁਸਾਰ ਜਿਨ੍ਹਾਂ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ, ਉਨ੍ਹਾਂ ’ਚੋਂ 2 ਮੁਲਜ਼ਮ ਸ਼ਸ਼ੀ ਪਾਲ ਅਤੇ ਵੇਦ ਪਾਲ (ਦੋਵੇਂ ਪਿਓ-ਪੁੱਤਰ) ਵਾਸੀ ਟੰਡੀ ਮੰਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਫ਼ਰਾਰ ਦੱਸੇ ਜਾ ਰਹੇ ਹਨ।

error: Content is protected !!