80 ਰੁਪਏ ਵਿਚ ਮਿਲਣ ਵਾਲੇ ਪਿੰਡ ਦੇ ਨਕਸ਼ੇ ਲਈ ਲੈ ਲਏ 1500 ਰੁਪਏ, ਵਿਜੀਲੈਂਸ ਨੇ ਪਟਵਾਰੀ ਕੀਤਾ ਗ੍ਰਿਫ਼ਤਾਰ

80 ਰੁਪਏ ਵਿਚ ਮਿਲਣ ਵਾਲੇ ਪਿੰਡ ਦੇ ਨਕਸ਼ੇ ਲਈ ਲੈ ਲਏ 1500 ਰੁਪਏ, ਵਿਜੀਲੈਂਸ ਨੇ ਪਟਵਾਰੀ ਕੀਤਾ ਗ੍ਰਿਫ਼ਤਾਰ


ਵੀਓਪੀ ਬਿਊਰੋ, ਜਲੰਧਰ : ਪਿੰਡ ਦੇ ਨਕਸ਼ੇ (ਅਕਸ ਛੱਜਰਾ) ਲਈ 1500 ਰੁਪਏ ਦੀ ਰਿਸ਼ਵਤ ਲੈਂਦੇ ਪਟਵਾਰੀ ਨੂੰ ਵਿਜੀਲੈਂਸ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਪਟਵਾਰੀ ਦੀ ਪਛਾਣ ਨੂਰਮਹਿਲ ਵਿਖੇ ਲੱਗੇ ਪਟਵਾਰੀ ਹਰਬੰਸ ਲਾਲ ਵਜੋਂ ਹੋਈ ਹੈ।


ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਨਰਿੰਦਰ ਸਿੰਘ ਵਾਸੀ ਪਿੰਡ ਰਾਮੇਵਾਲ ਨੇ ਬੀਤੀ 30 ਜੂਨ ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 9501200200 ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਮਾਮੇ ਨੂੰ ਨਕਸ਼ੇ ਦੀ ਜ਼ਰੂਰਤ ਸੀ। ਇਸ ਲਈ 23 ਜੂਨ ਨੂੰ ਉਹ ਆਪਣੇ ਮਾਮੇ ਨਾਲ ਪਟਵਾਰੀ ਹਰਬੰਸ ਕੋਲ ਗਿਆ ਸੀ ਪਰ ਪਟਵਾਰੀ ਨੇ ਉਨ੍ਹਾਂ ਨੂੰ 26 ਜੂਨ ਨੂੰ ਆਉਣ ਲਈ ਕਿਹਾ। ਜਦੋਂ ਉਹ 26 ਜੂਨ ਨੂੰ ਪਟਵਾਰੀ ਦੇ ਦਫ਼ਤਰ ਗਏ ਤਾਂ ਉਸ ਨੇ ਨਕਸ਼ੇ ਬਦਲੇ ਉਨ੍ਹਾਂ ਕੋਲੋਂ 1500 ਰੁਪਏ ਲਏ ਜਦੋਂਕਿ ਇਸ ਨਕਸ਼ੇ ਦੀ ਸਰਕਾਰੀ ਫ਼ੀਸ ਸਿਰਫ਼ 80 ਰੁਪਏ ਬਣਦੀ ਸੀ।


ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਪਟਵਾਰੀ ਹਰਬੰਸ ਲਾਲ ’ਤੇ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਐੱਫਆਈਆਰ ਨੰਬਰ 19 ਮਿਤੀ 24-07-2023 ਦਰਜ ਕਰਨ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

error: Content is protected !!