ਫਰਜ਼ੀ ਕਾਲ ਸੈਂਟਰ ਚਲਾ ਵਿਦੇਸ਼ਾਂ ਵਿਚ ਲੋਕਾਂ ਨਾਲ ਮਾਰ ਰਿਹਾ ਸੀ ਠੱਗੀਆਂ, ਕਾਂਗਰਸ ਦਾ ਬਲਾਕ ਪ੍ਰਧਾਨ ਗ੍ਰਿਫ਼ਤਾਰ

ਫਰਜ਼ੀ ਕਾਲ ਸੈਂਟਰ ਚਲਾ ਵਿਦੇਸ਼ਾਂ ਵਿਚ ਲੋਕਾਂ ਨਾਲ ਮਾਰ ਰਿਹਾ ਸੀ ਠੱਗੀਆਂ, ਕਾਂਗਰਸ ਦਾ ਬਲਾਕ ਪ੍ਰਧਾਨ ਗ੍ਰਿਫ਼ਤਾਰ


ਵੀਓਪੀ ਬਿਊਰੋ, ਲੁਧਿਆਣਾ-ਲੁਧਿਆਣਾ ‘ਚ ਫਰਜ਼ੀ ਕਾਲ ਸੈਂਟਰ ਦੀ ਆੜ ‘ਚ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨਾਲ ਰੋਜ਼ਾਨਾ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ‘ਚ ਲੁਧਿਆਣਾ ਪੁਲਿਸ ਨੇ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਂਗਰਸੀ ਆਗੂ ਦੀ ਪਛਾਣ ਸਾਹਿਲ ਕਪੂਰ ਪੱਪਲ ਵਜੋਂ ਹੋਈ ਹੈ ਜੋ ਆਤਮ ਨਗਰ ਹਲਕੇ ਦਾ ਬਲਾਕ ਪ੍ਰਧਾਨ ਹੈ ਤੇ ਪਿਛਲੇ ਹਫ਼ਤੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਹਿਲ ਕਪੂਰ ਉਰਫ ਪੱਪਲ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਸੀ।


ਥਾਣਾ ਡਵੀਜ਼ਨ ਨੰਬਰ-8 ਦੇ ਐੱਸਐੱਚਓ ਸਬ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਸਾਹਿਲ ਕਪੂਰ ਪੱਪਲ ਫਰਜ਼ੀ ਕਾਲ ਸੈਂਟਰ ‘ਤੇ ਮਾਰੇ ਛਾਪੇ ਵਾਲੇ ਦਿਨ ਤੋਂ ਹੀ ਫਰਾਰ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਵਿੱਚ ਸਾਹਿਲ ਕਪੂਰ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਜਾਂਚ ‘ਚ ਪਤਾ ਲੱਗਾ ਕਿ ਫਰਜ਼ੀ ਕਾਲ ਸੈਂਟਰ ਚਲਾਉਣ ਦੇ ਧੰਦੇ ‘ਚ ਮੁਲਜ਼ਮ ਪੂਰੀ ਤਰ੍ਹਾਂ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ `ਚ ਪੇਸ਼ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਹੈ।


ਉਧਰ, ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਾਂਗਰਸ ਪਾਰਟੀ ਉਤੇ ਸਵਾਲ ਉਠਾਏ ਹਨ, ਉਨ੍ਹਾਂ ਸੂਬਾ ਪ੍ਰਧਾਨ ਰਾਜਾ ਵੜਿੰਗ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੂੰ ਸਲਾਹ ਦਿੱਤੀ ਹੈ। ਵਿਧਾਇਕ ਗੋਗੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਲੋਕਾਂ ਦੀ ਭਰਤੀ ਕਰਨ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਇੰਨੀ ਕਾਹਲੀ ਵਿੱਚ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਸ ਵਿਅਕਤੀ ਨੂੰ ਕਿਹੜਾ ਅਹੁਦਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਅਕਸ ਕਿਹੋ ਜਿਹਾ ਹੈ। ਹਾਲ ਹੀ ‘ਚ ਫਰਜ਼ੀ ਕਾਲ ਸੈਂਟਰ ਰੈਕੇਟ ‘ਚ ਬਲਾਕ ਪ੍ਰਧਾਨ ਸਾਹਿਲ ਕਪੂਰ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਕਾਂਗਰਸੀ ਆਗੂ ਵੀ ਸ਼ੱਕ ਦੇ ਘੇਰੇ ‘ਚ ਆ ਗਏ ਹਨ।

error: Content is protected !!