ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਸ਼ਾਮਲ ਗੈਂਗਸਟਰ ਬਰਾੜ ਨੂੰ NIA ਨੇ ਵਿਦੇਸ਼ ‘ਚ ਕੀਤਾ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਭਾਰਤ

ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਸ਼ਾਮਲ ਗੈਂਗਸਟਰ ਬਰਾੜ ਨੂੰ NIA ਨੇ ਵਿਦੇਸ਼ ‘ਚ ਕੀਤਾ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਭਾਰਤ

ਦਿੱਲੀ/ਚੰਡੀਗੜ੍ਹ (ਵੀਓਪੀ ਬਿਊਰੋ) ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ-ਗੈਂਗਸਟਰ-ਸਮੱਗਲਰ ਗਠਜੋੜ ਦੇ ਮਾਮਲੇ ‘ਚ ਜੇਲ ‘ਚ ਬੰਦ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਮੁੱਖ ਸਹਿਯੋਗੀ ਵਿਕਰਮਜੀਤ ਸਿੰਘ ਉਰਫ ਵਿਕਰਮ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ। NIA ਨੇ ਵਿਕਰਮ ਬਰਾੜ ਨੂੰ UAE ਤੋਂ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਉਸ ਨੂੰ ਭਾਰਤ ਲਿਆਂਦਾ ਗਿਆ।

ਦੱਸ ਦੇਈਏ ਕਿ ਵਿਕਰਮ ਬਰਾੜ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸੀ। NIA ਦੀ ਵਿਸ਼ੇਸ਼ ਟੀਮ ਉਸ ਨੂੰ ਗ੍ਰਿਫਤਾਰ ਕਰਨ ਲਈ UAE ਗਈ ਸੀ। ਉਥੇ ਉਸ ਨੂੰ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਗਿਆ।

ਵਿਕਰਮ ਬਰਾੜ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮਦਦ ਨਾਲ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਸ਼ਾਮਲ ਸੀ। ਗੋਲਡੀ ਬਰਾੜ ਨਾਲ ਵੀ ਉਸ ਦੇ ਸਬੰਧ ਹਨ। ਬਰਾੜ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ-ਨਾਲ ਅਸਲਾ ਐਕਟ ਤਹਿਤ ਕਤਲ, ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਦੇ ਘੱਟੋ-ਘੱਟ 11 ਮਾਮਲਿਆਂ ਵਿੱਚ ਲੋੜੀਂਦਾ ਸੀ।

ਐਨਆਈਏ ਨੇ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਸਮੇਤ ਵੱਖ-ਵੱਖ ਰਾਜਾਂ ਦੀ ਪੁਲਿਸ ਦੀ ਬੇਨਤੀ ‘ਤੇ ਵਿਕਰਮ ਬਰਾੜ ਵਿਰੁੱਧ 11 ਲੁੱਕ ਆਊਟ ਨੋਟਿਸ ਜਾਰੀ ਕੀਤੇ ਗਏ ਸਨ। NIA ਨੇ ਕਿਹਾ ਕਿ ਵਿਕਰਮ ਬਰਾੜ ਲਾਰੇਂਸ ਅਤੇ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਕੰਮ ਕਰਦਾ ਸੀ। ਉਹ ਉਨ੍ਹਾਂ ਦੇ ਕਹਿਣ ‘ਤੇ ‘ਧਮਕੀ ਭਰੀਆਂ ਕਾਲ’ ਵੀ ਕਰਦਾ ਸੀ।

ਐਨਆਈਏ ਦੀ ਜਾਂਚ ਮੁਤਾਬਕ ਵਿਕਰਮ ਬਰਾੜ ਨੇ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਵਿੱਚ ਗੋਲਡੀ ਬਰਾੜ ਦੀ ਮਦਦ ਕੀਤੀ ਸੀ। ਏਜੰਸੀ ਨੇ ਕਿਹਾ, “ਲਾਰੈਂਸ ਬਿਸ਼ਨੋਈ ਨੇ ਹਵਾਲਾ ਚੈਨਲਾਂ ਰਾਹੀਂ ਬਰਾੜ ਨੂੰ ਕਈ ਵਾਰ ਫਿਰੌਤੀ ਦੀ ਰਕਮ ਵੀ ਭੇਜੀ ਸੀ। ਬਰਾੜ ਨੇ ਕੁਰੂਕਸ਼ੇਤਰ (ਹਰਿਆਣਾ) ਵਿੱਚ ਇੱਕ ਡਾਕਟਰ ਤੋਂ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਧਮਕੀਆਂ ਦਿੱਤੀਆਂ ਸਨ।”

ਐਨਆਈਏ ਨੇ ਕਿਹਾ ਕਿ ਬਿਸ਼ਨੋਈ ਦਾ ਨਜ਼ਦੀਕੀ ਸਾਥੀ ਬਣਨ ਤੋਂ ਪਹਿਲਾਂ ਬਰਾੜ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਨਾਲ ਜੁੜਿਆ ਹੋਇਆ ਸੀ। ਐਨਆਈਏ ਨੇ ਕਿਹਾ ਕਿ ਬਰਾੜ ਅਤੇ ਹੋਰ ਸਾਥੀਆਂ ਨੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਫਿਰੌਤੀ ਵਰਗੇ ਵੱਖ-ਵੱਖ ਅਪਰਾਧਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।

NIA ਨੇ ਦੱਸਿਆ ਕਿ ਵਿਕਰਮ ਬਰਾੜ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿੱਚ ਟਾਰਗੇਟ ਕਿਲਿੰਗ, ਜਬਰਨ ਵਸੂਲੀ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੀ ਮਦਦ ਕਰ ਰਿਹਾ ਸੀ। ਉਹ ਗੈਂਗ ਦੇ ਮੈਂਬਰਾਂ ਨੂੰ ਲੌਜਿਸਟਿਕ ਸਪੋਰਟ ਵੀ ਪ੍ਰਦਾਨ ਕਰ ਰਿਹਾ ਸੀ।

ਦੱਸ ਦੇਈਏ ਕਿ NIA ਨੇ ਅੱਤਵਾਦੀ-ਗੈਂਗਸਟਰ ਸਾਜ਼ਿਸ਼ ਮਾਮਲੇ ‘ਚ ਹੁਣ ਤੱਕ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐਨਆਈਏ ਨੇ ਕਿਹਾ, “ਐਨਆਈਏ ਅਤਿਵਾਦੀਆਂ, ਗੈਂਗਸਟਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਚਕਾਰ ਵਧ ਰਹੇ ਗਠਜੋੜ ਨੂੰ ਨਸ਼ਟ ਕਰਨ ਅਤੇ ਫੰਡਿੰਗ ਚੈਨਲਾਂ ਸਮੇਤ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।”

error: Content is protected !!