ਮੋਟਰਸਾਈਕਲ ਲੈਣ ਲਈ ਨਹੀਂ ਸੀ ਪੈਸੇ, ਸਿਆਸੀ ਨੇਤਾ ਦੇ ਪੁੱਤ ਨੂੰ ਫੋਨ ਉਤੇ ਧਮਕਾ ਕੇ ਮੰਗੀ ਫਿਰੌਤੀ, ਲਖਨਊ ਤੋਂ ਮੁਲਜ਼ਮ ਨੂੰ ਚੁੱਕ ਲਿਆਈ ਪੁਲਿਸ

ਮੋਟਰਸਾਈਕਲ ਲੈਣ ਲਈ ਨਹੀਂ ਸੀ ਪੈਸੇ, ਸਿਆਸੀ ਨੇਤਾ ਦੇ ਪੁੱਤ ਨੂੰ ਫੋਨ ਉਤੇ ਧਮਕਾ ਕੇ ਮੰਗੀ ਫਿਰੌਤੀ, ਲਖਨਊ ਤੋਂ ਮੁਲਜ਼ਮ ਨੂੰ ਚੁੱਕ ਲਿਆਈ ਪੁਲਿਸ


ਵੀਓਪੀ ਬਿਊਰੋ, ਰੂਪਨਗਰ : ਰੂਪਨਗਰ ਦੇ ਇਕ ਸੀਨੀਅਰ ਸਿਆਸੀ ਨੇਤਾ ਦੇ ਪੁੱਤ ਨੂੰ ਧਮਕਾ ਕੇ ਫਿਰੌਤੀ ਮੰਗਣ ਵਾਲੇ ਇਕ ਮੁਲਜ਼ਮ ਨੂੰ ਰੂਪਨਗਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸਿਆਸੀ ਨੇਤਾ ਦੇ ਪੁੱਤ ਤੋਂ ਇਲਾਵਾ ਉਸ ਨੇ ਹੋਰ ਤਿੰਨ ਲੋਕਾਂ ਨੂੰ ਵੀ ਧਮਕਾ ਕੇ ਫਿਰੌਤੀ ਮੰਗੀ ਸੀ। ਰੁਪਏ ਨਾ ਦੇਣ ਉਤੇ ਨੁਕਸਾਨ ਕਰਨ ਦੀ ਧਮਕੀ ਦਿੱਤੀ ਸੀ।


ਮੁਲਜ਼ਮ ਦੀ ਪਛਾਣ ਲਖਨਊ ਦੇ ਆਯੂਸ਼ ਕਨੌਜੀਆ ਵਜੋਂ ਹੋਈ ਹੈ। ਮੁਲਜ਼ਮ ਨੂੰ ਲਖਨਊ ਤੋਂ ਗਿ੍ਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁਲਜ਼ਮ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਕਨੌਜੀਆ ਨੇ ਪੁਲਿਸ ਦੀ ਮੁੱਢਲੀ ਪੁੱਛਗਿੱਛ ਵਿਚ ਦੱਸਿਆ ਹੈ ਕਿ ਉਸ ਕੋਲ ਪੈਸੇ ਨਹੀਂ ਸਨ ਅਤੇ ਮੋਟਰਸਾਈਕਲ ਖਰੀਦਣਾ ਚਾਹੁੰਦਾ ਸੀ। ਇਸ ਲਈ ਉਸ ਨੇ ਫਿਰੌਤੀ ਦੀ ਮੰਗ ਕੀਤੀ।
ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਤੋਂ ਬਾਅਦ 28 ਜੁਲਾਈ ਨੂੰ ਰੂਪਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਵਿਚ ਦੋਸ਼ ਸੀ ਕਿ ਮੁਲਜ਼ਮਾਂ ਨੇ ਆਪਣੇ ਆਪ ਨੂੰ ਗੈਂਗਸਟਰ ਦੱਸਦਿਆਂ ਇੱਕ ਸੀਨੀਅਰ ਸਿਆਸਤਦਾਨ ਦੇ ਪੁੱਤਰ ਤੋਂ ਦਸ ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਮੁਲਜ਼ਮਾਂ ਨੇ ਤਿੰਨ ਵਾਰ ਫੋਨ ਕਰ ਕੇ ਫਿਰੌਤੀ ਮੰਗੀ ਤੇ ਫਿਰੌਤੀ ਨਾ ਦੇਣ ‘ਤੇ ਨੁਕਸਾਨ ਦੀ ਚਿਤਾਵਨੀ ਵੀ ਦਿੱਤੀ ਸੀ। ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਫਿਰੌਤੀ ਮੰਗਣ ਵਾਲੇ ਨੇ ਇਹ ਫ਼ੋਨ ਲਖਨਊ ਤੋਂ ਕੀਤਾ ਸੀ। ਮੁਲਜ਼ਮਾਂ ਨੇ ਨੰਗਲ ਦੇ ਤਿੰਨ ਵਿਅਕਤੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ। ਇੰਨਾ ਹੀ ਨਹੀਂ ਮੁਲਜ਼ਮ ਨੇ ਗਵਾਲੀਅਰ (ਮੱਧ ਪ੍ਰਦੇਸ਼) ਦੇ ਇਕ ਹੋਰ ਵਿਅਕਤੀ ਨੂੰ ਵੀ ਫੋਨ ਕਰ ਕੇ ਫਿਰੌਤੀ ਦੀ ਮੰਗ ਕੀਤੀ ਸੀ।

ਰੂਪਨਗਰ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਮੁਲਜ਼ਮ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਅਨੁਸਾਰ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਮੁਲਜ਼ਮ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਲਖਨਊ ਤੋਂ ਲਿਆਂਦਾ ਗਿਆ ਤਾਂ ਪਤਾ ਲੱਗਾ ਕਿ ਮੁਲਜ਼ਮ ਨੇ ਚੋਰੀ ਹੋਏ ਸਿਮ ਤੋਂ ਫਿਰੌਤੀ ਮੰਗਣ ਦੀ ਘਟਨਾ ਨੂੰ ਅੰਜਾਮ ਦਿੱਤਾ। ਇਹ ਸਿਮ ਮੁਲਜ਼ਮ ਨੇ ਉਦੋਂ ਚੋਰੀ ਕੀਤਾ ਸੀ ਜਦੋਂ ਉਹ ਪੰਜਾਬ ਵਿੱਚ ਪਾਰਟੀ ਚੋਣਾਂ ਦੇ ਮੱਦੇਨਜ਼ਰ ਹੋਰਨਾਂ ਨਾਲ ਰੂਪਨਗਰ ਆਇਆ ਹੋਇਆ ਸੀ। ਫਿਰ ਉਹ ਪਾਰਟੀ ਦੇ ਚੋਣ ਦਫ਼ਤਰ ਦੇ ਕੰਮ ਲਈ ਚਲਾ ਗਿਆ। ਇਸ ਦੌਰਾਨ ਉਸ ਨੂੰ ਪ੍ਰਭਾਵਸ਼ਾਲੀ ਸਿਆਸਤਦਾਨ ਦੇ ਪੁੱਤਰ ਅਤੇ ਹੋਰ ਲੋਕਾਂ ਦੇ ਮੋਬਾਈਲ ਨੰਬਰ ਮਿਲੇ।

error: Content is protected !!