ਸਰਹੱਦ ਰਾਹੀਂ ਪਾਕਿ ਵੱਲੋਂ ਆਈ 400 ਕਰੋੜ ਰੁਪਏ ਦੀ ਹੈਰੋਇਨ ਸਣੇ 4 ਤਸਕਰ ਕਾਬੂ, ਭਾਰੀ ਮਾਤਰਾ ‘ਚ ਹਥਿਆਰ ਵੀ ਬਰਾਮਦ

ਸਰਹੱਦ ਰਾਹੀਂ ਪਾਕਿ ਵੱਲੋਂ ਆਈ 400 ਕਰੋੜ ਰੁਪਏ ਦੀ ਹੈਰੋਇਨ ਸਣੇ 4 ਤਸਕਰ ਕਾਬੂ, ਭਾਰੀ ਮਾਤਰਾ ‘ਚ ਹਥਿਆਰ ਵੀ ਬਰਾਮਦ

ਫਿਰੋਜ਼ਪੁਰ (ਵੀਓਪੀ ਬਿਊਰੋ) ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ‘ਤੇ ਹੜ੍ਹਾਂ ਦੀ ਆੜ ‘ਚ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਲਿਆਉਣ ਵਾਲੇ ਚਾਰ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 77.800 ਕਿਲੋ ਹੈਰੋਇਨ, ਤਿੰਨ ਪਿਸਤੌਲ, ਛੇ ਮੈਗਜ਼ੀਨ ਅਤੇ 115 ਕਾਰਤੂਸ ਬਰਾਮਦ ਕੀਤੇ ਗਏ ਹਨ। ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ 400 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ। ਪੁਲਿਸ ਮੁਤਾਬਕ ਇਹ 2023 ਵਿੱਚ ਬਰਾਮਦ ਹੋਈ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਹੈ।

ਥਾਣਾ ਕਾਊਂਟਰ ਇੰਟੈਲੀਜੈਂਸ ਦੀ ਪੁਲਿੲਸ ਨੇ ਐਤਵਾਰ ਨੂੰ ਉਕਤ ਚਾਰਾਂ ਤਸਕਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਲਖਬੀਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹਨ।

ਏਆਈਜੀ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ‘ਤੇ ਕੀਤੀ ਵਿਸ਼ੇਸ਼ ਮੁਹਿੰਮ ਦੌਰਾਨ ਕਿਲ੍ਹਾ ਵਾਲਾ ਚੌਕ ਨੇੜੇ ਤਸਕਰ ਗੰਗਾ ਗਿੱਲ ਉਰਫ਼ ਕਾਲੀ ਵਾਸੀ ਸਰਹੱਦੀ ਪਿੰਡ ਬਰਕੇ, ਜ਼ਿਲ੍ਹਾ ਫਿਰੋਜ਼ਪੁਰ ਅਤੇ ਵੀਰ ਸਿੰਘ ਉਰਫ਼ ਵੀਰੂ ਵਾਸੀ ਮੁਹਾਰ ਸੋਨਾ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਕਾਬੂ ਕੀਤਾ। ਉਹ ਬਾਈਕ ‘ਤੇ ਸਵਾਰ ਹੋ ਕੇ ਹੈਰੋਇਨ ਸਪਲਾਈ ਕਰਨ ਜਾ ਰਹੇ ਸਨ।

ਤਲਾਸ਼ੀ ਦੌਰਾਨ ਉਸ ਦੇ ਬੈਗ ਵਿੱਚੋਂ 39 ਪੈਕੇਟ ਹੈਰੋਇਨ ਬਰਾਮਦ ਹੋਈ। ਹੈਰੋਇਨ ਦਾ ਵਜ਼ਨ 41.800 ਕਿਲੋ, ਦੋ ਪਿਸਤੌਲ 9 ਐਮ.ਐਮ., ਚਾਰ ਮੈਗਜ਼ੀਨ, 100 ਕਾਰਤੂਸ, ਇੱਕ ਪਿਸਤੌਲ .30 ਬੋਰ ਅਤੇ ਦੋ ਮੈਗਜ਼ੀਨ ਅਤੇ 15 ਕਾਰਤੂਸ ਬਰਾਮਦ ਹੋਏ ਹਨ। ਉਕਤ ਦੋਵੇਂ ਸਮੱਗਲਰਾਂ ਖਿਲਾਫ ਕਾਊਂਟਰ ਇੰਟੈਲੀਜੈਂਸ ਥਾਣਾ ਫਾਜ਼ਿਲਕਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਏਆਈਜੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਦੋ ਹੋਰ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 36 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਭਿੰਦਰ ਸਿੰਘ ਉਰਫ ਭਿੰਦਾ ਅਤੇ ਜਗਦੀਪ ਸਿੰਘ ਵਾਸੀ ਪਿੰਡ ਦੀਪ ਸਿੰਘ ਵਾਲਾ, ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਉਹ ਬਾਈਕ ‘ਤੇ ਸਵਾਰ ਹੋ ਕੇ ਪਲਾਸਟਿਕ ਦੇ ਥੈਲੇ ‘ਚ ਹੈਰੋਇਨ ਕਿਸੇ ਨੂੰ ਸਪਲਾਈ ਕਰਨ ਜਾ ਰਹੇ ਸਨ।

ਏਆਈਜੀ ਨੇ ਦੱਸਿਆ ਕਿ ਵੀਰ ਸਿੰਘ ਖ਼ਿਲਾਫ਼ ਫ਼ਾਜ਼ਿਲਕਾ ਵਿੱਚ 200 ਗ੍ਰਾਮ ਹੈਰੋਇਨ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਉਹ ਭਗੌੜਾ ਹੈ। ਪਿਛਲੇ ਸਾਲ ਮੁਲਜ਼ਮ ਗੰਗਾ ਗਿੱਲ ਅਤੇ ਉਸ ਦੇ ਭਰਾ ਰਵਿੰਦਰ ਸਿੰਘ ਖ਼ਿਲਾਫ਼ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਡੇਢ ਕਿਲੋ ਹੈਰੋਇਨ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਰਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਗੰਗਾ ਫਰਾਰ ਸੀ। ਇੰਨਾ ਹੀ ਨਹੀਂ ਗੰਗਾ ਦੇ ਦੂਜੇ ਭਰਾ ਵਿਕਰਮ ਅਤੇ ਪਿਤਾ ਟੇਕ ਚੰਦ ‘ਤੇ 5 ਕਿਲੋ ਹੈਰੋਇਨ, ਪਿਸਤੌਲ ਅਤੇ 25 ਕਾਰਤੂਸ ਸਮੇਤ ਥਾਣਾ ਸਦਰ ‘ਚ ਮਾਮਲਾ ਦਰਜ ਹੈ, ਵਿਕਰਮ ਅਤੇ ਟੇਕ ਦੋਵੇਂ ਫਰਾਰ ਹਨ। ਜਗਦੀਪ ਖ਼ਿਲਾਫ਼ ਸਾਦਿਕ ਥਾਣੇ ਵਿੱਚ ਐਨਡੀਪੀਐਸ ਦਾ ਕੇਸ ਦਰਜ ਹੈ।

error: Content is protected !!