ਬਰਨਾਲਾ ਦੋਹਰਾ ਕਤਲ ਕਾਂਡ, ਬਥੇਰੇ ਮਿੰਨਤਾਂ ਤਰਲੇ ਪਾਏ, ਨਹੀਂ ਪਸੀਜਿਆ ਦਿਲ, 7-8 ਲੁਟੇਰਿਆਂ ਨੇ ਬੇਖੌਫ਼ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢੀਆਂ ਮਾਂ-ਧੀ, ਜਵਾਈ ਨੇ ਕੀਤੇ ਖੁਲਾਸੇ

ਬਰਨਾਲਾ ਦੋਹਰਾ ਕਤਲ ਕਾਂਡ, ਬਥੇਰੇ ਮਿੰਨਤਾਂ ਤਰਲੇ ਪਾਏ, ਨਹੀਂ ਪਸੀਜਿਆ ਦਿਲ, 7-8 ਲੁਟੇਰਿਆਂ ਨੇ ਬੇਖੌਫ਼ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢੀਆਂ ਮਾਂ-ਧੀ, ਜਵਾਈ ਨੇ ਕੀਤੇ ਖੁਲਾਸੇ


ਵੀਓਪੀ ਬਿਊਰੋ, ਬਰਨਾਲਾ : ਆਜ਼ਾਦੀ ਦਿਹਾੜੇ ਦੀ ਰਾਤ ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੇਖਾ ਦੇ ਇਕ ਘਰ ’ਚ ਦੋਹਰੇ ਕਤਲ ਦੀ ਵਾਰਦਾਤ ਹੋਈ। ਘਰ ਵਿਚ ਦਾਖ਼ਲ ਹੋ ਕੇ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਮਾਂ ਅਤੇ ਧੀ ਦਾ ਕਤਲ ਕਰ ਦਿੱਤਾ, ਜਦੋਂ ਕਿ ਜਵਾਈ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਜੋ ਕਿ ਸਿਵਲ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਸ. ਪੀ. ਸੰਦੀਪ ਮਲਿਕ, ਐੱਸ. ਪੀ. ਰਮਨੀਸ਼ ਚੌਧਰੀ, ਡੀ. ਐੱਸ. ਪੀ. ਸਤਬੀਰ ਸਿੰਘ ਭਾਰੀ ਪੁਲਸ ਫੋਰਸ ਲੈ ਕੇ ਘਟਨਾ ਸਥਾਨ ’ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ।


ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਜਵਾਈ ਰਾਜਦੀਪ ਸਿੰਘ ਨੇ ਦੱਸਿਆ ਕਿ 7-8 ਅਣਪਛਾਤੇ ਵਿਅਕਤੀ ਘਰ ’ਚ ਦਾਖਲ ਹੋ ਗਏ ਤਾਂ ਉਨ੍ਹਾਂ ਨੇ ਉਸ ਦੀ ਸੱਸ ਹਰਬੰਸ ਕੌਰ ’ਤੇ ਹਮਲਾ ਕੀਤਾ ਤਾਂ ਪਤਨੀ ਪਰਮਜੀਤ ਕੌਰ ਤੇ ਉਹ ਖੁਦ ਬਚਾਅ ਲਈ ਅੱਗੇ ਆਏ ਤਾਂ ਉਨ੍ਹਾਂ ਉਪਰ ਵੀ ਹਮਲਾ ਕਰ ਦਿੱਤਾ। ਉਨ੍ਹਾਂ ਮੁਲਜ਼ਮਾਂ ਦੀਆਂ ਬਥੇਰੀਆਂ ਮਿੰਨਤਾਂ ਤਰਲੇ ਕੀਤੇ ਪਰ ਇੱਕ ਨਹੀਂ ਸੁਣੀ ਅਤੇ ਗਹਿਣਿਆਂ ਸਬੰਧੀ ਪੁੱਛਗਿੱਛ ਕਰਨ ਲੱਗ ਗਏ ਅਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।ਕਾਤਲ ਐਨੇ ਸ਼ਾਤਰ ਸਨ ਕਿ ਉਹ ਸਬੂਤ ਮਿਟਾਉਣ ਲਈ ਘਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਵੀ ਲੈ ਗਏ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਕਿਹਾ ਕਿ ਇਸ ਹਮਲੇ ’ਚ ਪਰਮਜੀਤ ਕੌਰ ਅਤੇ ਉਸ ਦੀ ਮਾਂ ਹਰਬੰਸ ਕੌਰ ਦੀ ਮੌਤ ਹੋ ਗਈ। ਪੁਲਿਸ ਨੇੜੇ ਦੀ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਹੈ। ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ 15 ਦਿਨਾਂ ’ਚ ਇਹ ਬਰਨਾਲਾ ਵਿਧਾਨ ਸਭਾ ਹਲਕੇ ’ਚ ਇਹ ਤੀਜੀ ਔਰਤ ਦਾ ਕਤਲ ਹੈ। ਲਗਭਗ 15 ਦਿਨ ਪਹਿਲਾਂ ਸੇਖਾ ਰੋਡ ’ਤੇ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਮੰਜੂ ਬਾਲਾ ਦਾ ਵੀ ਕਤਲ ਕਰ ਦਿੱਤਾ ਸੀ। ਜਦੋਂ ਇਸ ਸਬੰਧ ’ਚ ਡੀ. ਐੱਸ. ਪੀ. ਸਤਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕਰ ਲਿਆ ਹੈ। ਪੁਲਸ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦ ਹੀ ਲੁਟੇਰੇ ਅਤੇ ਕਾਤਲ ਪੁਲਸ ਦੀ ਗ੍ਰਿਫ਼ਤ ’ਚ ਹੋਣਗੇ।

error: Content is protected !!