ਟੈਸਟ ਵਿਚ ਘੱਟ ਨੰਬਰ ਆਉਣ ਉਤੇ ਦੋ ਹੋਰ ਵਿਦਿਆਰਥੀਆਂ ਨੇ ਦੇ ਦਿੱਤੀ ਜਾਨ, ਇਕ ਨੇ ਛੇਵੀਂ ਮੰਜ਼ਿਲ ਤੋਂ ਮਾਰੀ ਛਾਲ, ਇਕ ਦੀ ਕਮਰੇ ਵਿਚ ਲਟਕਦੀ ਮਿਲੀ ਲਾਸ਼

ਟੈਸਟ ਵਿਚ ਘੱਟ ਨੰਬਰ ਆਉਣ ਉਤੇ ਦੋ ਹੋਰ ਵਿਦਿਆਰਥੀਆਂ ਨੇ ਦੇ ਦਿੱਤੀ ਜਾਨ, ਇਕ ਨੇ ਛੇਵੀਂ ਮੰਜ਼ਿਲ ਤੋਂ ਮਾਰੀ ਛਾਲ, ਇਕ ਦੀ ਕਮਰੇ ਵਿਚ ਲਟਕਦੀ ਮਿਲੀ ਲਾਸ਼


ਵੀਓਪੀ ਬਿਊਰੋ, ਕੋਟਾ : ਰਾਜਸਥਾਨ ਦੇ ਕੋਟਾ ‘ਚ ਐਤਵਾਰ ਨੂੰ ਵੀ ਟੈਸਟ ਸੀਰੀਜ਼ ‘ਚ ਘੱਟ ਨੰਬਰ ਆਉਣ ਤੋਂ ਤੰਗ ਆ ਕੇ ਦੋ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ। ਇੱਥੇ ਖੁਦਕੁਸ਼ੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਨੇ ਕੋਚਿੰਗ ਸੈਂਟਰ ‘ਚ ਟੈਸਟ ਲੈਣ ‘ਤੇ ਪਾਬੰਦੀ ਲਗਾ ਦਿਤੀ ਹੈ। ਫਿਲਹਾਲ ਇਹ ਪਾਬੰਦੀ ਦੋ ਮਹੀਨਿਆਂ ਲਈ ਲਗਾਈ ਗਈ ਹੈ।
ਏ.ਐਸ.ਪੀ. ਭਾਗਵਤ ਸਿੰਘ ਹਿੰਗੜ ਨੇ ਦਸਿਆ ਕਿ ਐਤਵਾਰ ਦੁਪਹਿਰ ਕਰੀਬ 3 ਵਜੇ ਲਾਤੂਰ (ਮਹਾਰਾਸ਼ਟਰ) ਦੇ ਰਹਿਣ ਵਾਲੇ ਅਵਿਸ਼ਕਾਰ ਸੰਭਾਜੀ ਕਾਸਲੇ (16) ਨੇ ਅਪਣੇ ਕੋਟਾ ਸਥਿਤ ਕੋਚਿੰਗ ਇੰਸਟੀਚਿਊਟ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ 3 ਸਾਲਾਂ ਤੋਂ ਕੋਟਾ ਦੇ ਤਲਵੰਡੀ ਇਲਾਕੇ ‘ਚ ਰਹਿ ਰਿਹਾ ਸੀ। ਉਹ ਇਥੇ ਨੀਟ ਦੀ ਤਿਆਰੀ ਕਰ ਰਿਹਾ ਸੀ। ਉਹ ਐਤਵਾਰ ਨੂੰ ਰੋਡ ਨੰਬਰ 1 ਸਥਿਤ ਕੋਚਿੰਗ ਇੰਸਟੀਚਿਊਟ ‘ਚ ਪ੍ਰੀਖਿਆ ਦੇਣ ਲਈ ਆਇਆ ਸੀ।


ਇਸ ਤੋਂ ਬਾਅਦ ਕੁੰਹੜੀ ਦੇ ਲੈਂਡਮਾਰਕ ਇਲਾਕੇ ‘ਚ ਰਹਿਣ ਵਾਲੇ ਕੋਚਿੰਗ ਦੇ ਵਿਦਿਆਰਥੀ ਆਦਰਸ਼ (18) ਦੀ ਸ਼ਾਮ 7 ਵਜੇ ਅਪਣੇ ਕਮਰੇ ‘ਚ ਲਟਕਦੀ ਲਾਸ਼ ਮਿਲੀ। ਆਦਰਸ਼ ਬਿਹਾਰ ਦੇ ਰੋਹਿਤਸ਼ਵ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਵਿਦਿਆਰਥੀ ਨੀਟ ਦੀ ਤਿਆਰੀ ਕਰਨ ਲਈ 4 ਮਹੀਨੇ ਪਹਿਲਾਂ ਕੋਟਾ ਆਇਆ ਸੀ। ਇਥੇ ਲੈਂਡਮਾਰਕ ਇਲਾਕੇ ਵਿਚ ਉਹ ਅਪਣੇ ਭਰਾ ਅਤੇ ਭੈਣ ਨਾਲ ਇਕ ਫਲੈਟ ਵਿਚ ਰਹਿ ਰਿਹਾ ਸੀ।
ਪੁਲਿਸ ਨੇ ਕਿਹਾ- ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਆਦਰਸ਼ ਕੋਚਿੰਗ ਇੰਸਟੀਚਿਊਟ ਦੇ ਟੈਸਟ ‘ਚ ਲਗਾਤਾਰ ਘੱਟ ਨੰਬਰ ਲੈ ਰਿਹਾ ਸੀ। 700 ਵਿਚੋਂ ਉਹ ਸਿਰਫ਼ 250 ਅੰਕ ਹੀ ਹਾਸਲ ਕਰ ਸਕਿਆ। ਇਸ ਗੱਲ ਨੂੰ ਲੈ ਕੇ ਉਹ ਚਿੰਤਤ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਉਸ ਨੇ ਫਾਹਾ ਲੈ ਲਿਆ। ਏ.ਐਸ.ਪੀ. ਨੇ ਦਸਿਆ- ਹੁਣ ਤਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮਾਪਿਆਂ ਦੇ ਆਉਣ ਤੋਂ ਬਾਅਦ ਕਮਰੇ ਦੀ ਤਲਾਸ਼ੀ ਲਈ ਜਾਵੇਗੀ।


ਏ.ਐਸ.ਪੀ. ਨੇ ਦਸਿਆ ਕਿ ਫਲੈਟ ਵਿਚ ਤਿੰਨ ਵੱਖਰੇ ਕਮਰੇ ਹਨ। ਐਤਵਾਰ ਨੂੰ ਟੈਸਟ ਦੇਣ ਤੋਂ ਬਾਅਦ ਆਦਰਸ਼ ਆਪਣੇ ਕਮਰੇ ‘ਚ ਚਲਾ ਗਿਆ ਸੀ। ਸ਼ਾਮ 7 ਵਜੇ ਉਸ ਦੀ ਭੈਣ ਨੇ ਉਸ ਨੂੰ ਖਾਣਾ ਖਾਣ ਲਈ ਬੁਲਾਇਆ ਪਰ ਉਸ ਨੇ ਕੋਈ ਜਵਾਬ ਨਹੀਂ ਦਿਤਾ। ਇਸ ਤੋਂ ਬਾਅਦ ਉਸ ਨੇ ਚਚੇਰੇ ਭਰਾ ਨੂੰ ਬੁਲਾਇਆ। ਦੋਵਾਂ ਨੇ ਕਾਫੀ ਦੇਰ ਤਕ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਦੋਵੇਂ ਭੈਣ-ਭਰਾਵਾਂ ਨੇ ਦਰਵਾਜ਼ਾ ਤੋੜ ਦਿਤਾ। ਆਦਰਸ਼ ਨੂੰ ਫਾਹੇ ‘ਤੇ ਲਟਕਦਾ ਦੇਖ ਕੇ ਦੂਜੇ ਫਲੈਟ ‘ਚ ਰਹਿੰਦੇ ਲੋਕਾਂ ਨੂੰ ਸੂਚਨਾ ਦਿਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।

error: Content is protected !!