ਬਾਈਕ ਸਵਾਰਾਂ ਨੇ ਚਲਾਈਆਂ ਗੋਲ਼ੀਆਂ, ਇਕ ਨੌਜਵਾਨ ਦੀ ਕੀਤੀ ਹੱਤਿਆ, ਇਕ ਗੰਭੀਰ ਜ਼ਖਮੀ

ਬਾਈਕ ਸਵਾਰਾਂ ਨੇ ਚਲਾਈਆਂ ਗੋਲ਼ੀਆਂ, ਇਕ ਨੌਜਵਾਨ ਦੀ ਕੀਤੀ ਹੱਤਿਆ, ਇਕ ਗੰਭੀਰ ਜ਼ਖਮੀ


ਵੀਓਪੀ ਬਿਊਰੋ, ਬਲਾਚੌਰ : ਪਿੰਡ ਗੜ੍ਹੀ ਕਾਨੂੰਗੋਆ ਵਿਖੇ ਮੰਗਲਵਾਰ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ, ਜਦਕਿ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਪਰੰਤ ਮੁਲਜ਼ਮ ਮੌਕੇ ਤੋਂ ਭੱਜ ਨਿਕਲੇ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣ ਦੇ ਨਾਲ-ਨਾਲ ਵੱਖ-ਵੱਖ ਐਂਗਲਾਂ ਤੋਂ ਜਾਂਚ ਆਰੰਭ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ।
ਹਸਪਤਾਲ ’ਚ ਜ਼ੇਰੇ ਇਲਾਜ ਪਿੰਡ ਗੜ੍ਹੀ ਕਾਨੂੰਗੋਆ ਵਾਸੀ ਨਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਟੀ ਖਾਣ ਤੋਂ ਬਾਅਦ ਸੈਰ ਕਰਨ ਲਈ ਪਿੰਡ ਦੀ ਗਲੀ ’ਚੋਂ ਹੁੰਦਾ ਹੋਇਆ ਨੈਸ਼ਨਲ ਹਾਈਵੇ ’ਤੇ ਸਥਿਤ ਸ਼ਿਵ ਮੰਦਰ ਸਾਹਮਣੇ ਮਾਰਕੀਟ ਦੀਆਂ ਬੰਦ ਦੁਕਾਨਾਂ ਅੱਗੇ ਗਿਆ। ਇਸੇ ਦੌਰਾਨ ਪਹਿਲਾਂ ਤੋਂ ਉਥੇ ਖੜ੍ਹੇ ਨੌਜਵਾਨ ਨਰਿੰਦਰ ਸਿੰਘ ਉਰਫ ਧੰਨਾ ਪਿੰਡ ਗੜੀ ਕਾਨੂੰਗੋਆ ਨਾਲ ਉਹ ਗੱਲਬਾਤ ਕਰਨ ਲੱਗ ਪਿਆ। ਇਸੇ ਦੌਰਾਨ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਕੱਪੜੇ ਨਾਲ ਮੂੰਹ ਢੱਕੇ ਹੋਏ ਸਨ। ਉਨ੍ਹਾਂ ’ਚੋਂ ਇਕ ਨੌਜਵਾਨ ਨੇ ਰਿਵਾਲਵਰ ਨਾਲ ਉਨ੍ਹਾਂ ’ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਨਰਿੰਦਰ ਸਿੰਘ ਉਰਫ ਧੰਨਾ ਦੇ ਇਕ ਗੋਲੀ ਸਿਰ ’ਚ ਵੱਜੀ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਇਕ ਗੋਲੀ ਉਸ ਦੇ ਢਿੱਡ ਤੇ ਛਾਤੀ ਵਿਚਕਾਰਲੇ ਪਾਸੇ ਤੋਂ ਖਹਿੰਦੀ ਹੋਈ ਨਿਕਲ ਗਈ। ਉਸ ਨੇ ਉਥੋਂ ਭੱਜ ਕੇ ਜਾਨ ਬਚਾਈ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਫ਼ਰਾਰ ਹੋ ਗਏ।


ਨਰਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਬੱਸ ਅੱਡਾ ਮਜਾਰੀ ਵਿਖੇ ਉਸ ਦਾ ਝਗੜਾ ਨੇੜਲੇ ਪਿੰਡ ਸਜਾਵਲਪੁਰ ਦੇ ਇਕ ਵਿਅਕਤੀ ਨਾਲ ਹੋਇਆ ਸੀ ਜਿਸ ਵੱਲੋਂ ਦਰਜ ਕਰਵਾਏ ਮੁਕੱਦਮੇ ਵਿਚ ਉਹ ਬਰੀ ਹੋ ਗਿਆ ਸੀ। ਉਸ ਨੇ ਦੱਸਿਆ ਕਿ ਉਸ ਵਿਅਕਤੀ ਨੇ ਕਰੀਬ ਇਕ ਸਾਲ ਪਹਿਲਾਂ ਉਸ ਨੂੰ ਵਿਦੇਸ਼ ਤੋਂ ਫੋਨ ’ਤੇ ਧਮਕੀ ਦਿੱਤੀ ਸੀ ਕਿ ਉਸ ਨੂੰ ਜਾਨੋਂ ਮਰਵਾ ਦੇਣਾ ਹੈ। ਉਸ ਨੇ ਇਸ ਘਟਨਾ ਨੂੰ ਰੰਜਿਸ਼ ਨਾਲ ਜੋੜ ਕੇ ਦੱਸਿਆ ਕਿ ਇਹ ਜਾਨਲੇਵਾ ਬਦਲਾ ਲੈਣ ਲਈ ਕੀਤਾ ਗਿਆ ਹੈ। ਉਧਰ ਪੁਲਿਸ ਨੇ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!