ਉਦੋਂ ਤਕ ਕੀਤੇ ਪੇਚਕਸ, ਪਲਾਸ ਤੇ ਚਾਕੂ ਨਾਲ ਵਾਰ, ਜਦੋਂ ਤਕ ਨਿਕਲ ਨਾ ਗਈ ਜਾਨ, ਮੋਹਾਲੀ ਵਿਚ ਬੁਆਏ ਫਰੈਂਡ ਦਾ ਦਿਲ ਕੰਬਾਉਣ ਵਾਲਾ ਕਾਰਾ, ਔਰਤ ਦਾ ਕੀਤਾ ਬੇਰਹਿਮੀ ਨਾਲ ਕਤਲ

ਉਦੋਂ ਤਕ ਕੀਤੇ ਪੇਚਕਸ, ਪਲਾਸ ਤੇ ਚਾਕੂ ਨਾਲ ਵਾਰ, ਜਦੋਂ ਤਕ ਨਿਕਲ ਨਾ ਗਈ ਜਾਨ, ਮੋਹਾਲੀ ਵਿਚ ਬੁਆਏ ਫਰੈਂਡ ਦਾ ਦਿਲ ਕੰਬਾਉਣ ਵਾਲਾ ਕਾਰਾ, ਔਰਤ ਦਾ ਕੀਤਾ ਬੇਰਹਿਮੀ ਨਾਲ ਕਤਲ


ਵੀਓਪੀ ਬਿਊਰੋ, ਜ਼ੀਰਕਪੁਰ/ਡੇਰਾਬੱਸੀ : ਪੂਰੇ ਪੰਜਾਬ ਵਿਚ ਕਤਲੋਗਾਰਤ ਦੀਆਂ ਨਿੱਤ ਦਿਨ ਖਬਰਾਂ ਪੜਨ ਸੁਣਨ ਨੂੰ ਮਿਲ ਰਹੀਆਂ ਹਨ। ਵੀਰਵਾਰ ਦੇਰ ਰਾਤ ਇੱਥੇ ਸਰਸਵਤੀ ਵਿਹਾਰ ਵਿਚ ਇਕ ਔਰਤ ਦਾ ਪੇਚਕਸ, ਪਲਾਸ ਅਤੇ ਚਾਕੂ ਨਾਲ ਕਈ ਵਾਰ ਕਰ ਕੇ ਕਤਲ ਕਰ ਮੁਲਜ਼ਮ ਫਰਾਰ ਹੋ ਗਿਆ। ਪੁਲਿਸ ਦੀ ਮੁੱਢਲੀ ਜਾਂਚ ਵਿਚ ਮਾਮਲਾ ਪ੍ਰੇਮ ਸਬੰਧਾਂ ਦਾ ਲੱਗ ਰਿਹਾ ਹੈ ਪਰ ਪੁਲਿਸ ਅਨੁਸਾਰ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਕਾਜਲ ਪਾਂਡੇ ਨਿਵਾਸੀ ਮਕਾਨ ਨੰਬਰ-5, ਮਾਡਰਨ ਐਨਕਲੇਵ ਬਲਟਾਣਾ ਵਜੋਂ ਹੋਈ ਹੈ, ਜੋ 2 ਬੱਚਿਆਂ ਦੇ ਨਾਲ ਕਿਰਾਏ ’ਤੇ 2 ਕਮਰਿਆਂ ਦੇ ਮਕਾਨ ’ਚ ਰਹਿੰਦੀ ਸੀ। ਪੁਲਿਸ ਨੇ ਕੁਲਦੀਪ ਨੇਗੀ ਨਿਵਾਸੀ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਹਸਪਤਾਲ ਪਹੁੰਚਾਈ। ਇਸ ਤੋਂ ਬਾਅਦ ਘਟਨਾ ਸਥਾਨ ਤੋਂ ਮਿਲਿਆ ਪੇਚਕਸ, ਪਲਾਸ ਅਤੇ ਚਾਕੂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਡੇਰਾਬੱਸੀ ਥਾਣਾ ਇੰਚਾਰਜ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਮ੍ਰਿਤਕਾ ਕਾਜਲ ਵੀਰਵਾਰ ਰਾਤ ਡੇਰਾਬੱਸੀ ਸਥਿਤ ਸਰਸਵਤੀ ਵਿਹਾਰ ਵਿਚ ਸਥਿਤ ਸੁਖਮਨੀ ਕਾਲਜ ਕੋਲ ਬੁਆਏ ਫਰੈਂਡ ਕੁਲਦੀਪ ਨੇਗੀ ਕੋਲ ਆਈ ਸੀ। ਕੁਲਦੀਪ ਸਰਸਵਤੀ ਵਿਹਾਰ ਵਿਚ ਕਿਰਾਏ ’ਤੇ ਰਹਿੰਦਾ ਸੀ ਅਤੇ ਦੋਵਾਂ ਵਿਚਕਾਰ ਕਿਸੇ ਗੱਲ ਤੋਂ ਦੇਰ ਰਾਤ ਸਾਢੇ 10 ਵਜੇ ਬਹਿਸ ਹੋ ਗਈ।


ਕੁਲਦੀਪ ਨੇ ਗੁੱਸੇ ਵਿਚ ਆ ਕੇ ਕਮਰੇ ਵਿਚ ਰੱਖੇ ਪੇਚਕਸ, ਪਲਾਸ ਅਤੇ ਚਾਕੂ ਨਾਲ ਉਸ ਦੇ ਢਿੱਡ ’ਤੇ ਕਈ ਵਾਰ ਕੀਤੇ। ਮੁਲਜ਼ਮ ਉਦੋਂ ਤਕ ਵਾਰ ਕਰਦਾ ਰਿਹਾ, ਜਦੋਂ ਤਕ ਕਾਜਲ ਦੀ ਮੌਤ ਨਹੀਂ ਹੋ ਗਈ। ਕਿਸੇ ਕੰਮ ਲਈ ਕੁਲਦੀਪ ਦਾ ਦੋਸਤ ਨਰੇਸ਼ ਠਾਕੁਰ ਕਮਰੇ ਵਿਚ ਪਹੁੰਚਿਆ ਤਾਂ ਵੇਖਿਆ ਕਿ ਕੁਲਦੀਪ ਦੇ ਕੱਪੜੇ ਖੂਨ ਨਾਲ ਲਿੱਬੜੇ ਹੋਏ ਸਨ। ਇਹ ਵੇਖ ਕੇ ਨਿਰੇਸ਼ ਘਬਰਾ ਗਿਆ। ਮੁਲਜ਼ਮ ਕੁਲਦੀਪ ਦੀ ਗੱਲ ਸੁਣਦਿਆਂ ਹੀ ਨਰੇਸ਼ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇਣ ਲੱਗਾ ਤਾਂ ਕੁਲਦੀਪ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਨਰੇਸ਼ ਦੇ ਬਿਆਨ ’ਤੇ ਕਤਲ ਦਾ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

error: Content is protected !!