ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਅੱਗੇ ਪੈਟਰੋਲ ਪੀ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਪੁਲਿਸ ਨਾਲ ਹੋਇਆ ਜਬਰਦਸਤ ਟਕਰਾਅ

ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਅੱਗੇ ਪੈਟਰੋਲ ਪੀ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਪੁਲਿਸ ਨਾਲ ਹੋਇਆ ਜਬਰਦਸਤ ਟਕਰਾਅ


ਵੀਓਪੀ ਬਿਊਰੋ, ਸੰਗਰੂਰ : ਪੰਜਾਬ ਭਰ ਤੋਂ ਪਹੁੰਚੇ ਕੱਚੇ ਅਧਿਆਪਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਜਬਰਦਸਤ ਰੋਹ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਅਤੇ ਕੱਚੇ ਅਧਿਆਪਕਾਂ ਵਿਚਕਾਰ ਪੰਜ ਗੇੜਾਂ ਵਿਚ ਜ਼ਬਰਦਸਤ ਟਕਰਾਅ ਹੋਇਆ। ਇੰਨਾ ਹੀ ਨਹੀਂ ਅਧਿਆਪਕਾ ਕਰਮਜੀਤ ਮੁਕਤਸਰ ਨੇ ਸਰਕਾਰ ਦੀਆਂ ਅਧਿਆਪਕਾਂ ਪ੍ਰਤੀ ਸਖ਼ਤ ਨੀਤੀਆਂ ਤੋਂ ਤੰਗ ਆ ਕੇ ਖ਼ੁਦ ’ਤੇ ਪੈਟਰੋਲ ਪਾ ਕੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਇਸ ਦੇ ਨਾਲ ਹੀ ਇਕ ਹੋਰ ਅਧਿਆਪਕਾ ਮਨਪ੍ਰੀਤ ਕੌਰ ਨੇ ਪੈਟਰੋਲ ਪੀ ਲਿਆ ਜਿਸ ਨੂੰ ਹੋਰ ਸਾਥੀਆਂ ਨੇ ਰੋਕ ਲਿਆ। ਦੋਵਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ।ਧਰਨਾਕਾਰੀਆਂ ਨੇ ਮੁੱਖ ਮੰਤਰੀ ਤੋਂ ਮੀਟਿੰਗ ਦਾ ਸਮਾਂ ਮੰਗਿਆ ਪਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦੋਂ ਮੀਟਿੰਗ ਦਾ ਸਮਾਂ ਨਾ ਮਿਲਿਆ ਤਾਂ ਕੱਚੇ ਅਧਿਆਪਕਾਂ ਨੇ ਰਿਹਾਇਸ਼ ਵੱਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ। ਕਈ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਤਿੰਨ ਅਧਿਆਪਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਜਾਣਕਾਰੀ ਅਨੁਸਾਰ ਕੱਚੇ ਅਧਿਆਪਕ ਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਵਰਕਰ ਸੰਗਰੂਰ-ਪਟਿਆਲਾ ਰੋਡ ਦੇ ਫਲਾਈਓਵਰ ਹੇਠਾਂ ਇਕੱਠੇ ਹੋਏ। ਵਿਸ਼ਾਲ ਕਾਫ਼ਲੇ ਦੇ ਰੂਪ ਵਿਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਨਿਵਾਸ ਵੱਲ ਵਧੇ ਜਿੱਥੇ ਕੱਚੇ ਅਧਿਆਪਕਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡ ਲਾਏ ਗਏ ਸਨ ਪਰ ਕੱਚੇ ਅਧਿਆਪਕ ਇਹ ਬੈਰੀਕੇਡ ਤੋੜ ਕੇ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਪੁੱਜੇ ਜਿੱਥੇ ਪੁਲਿਸ ਨੇ ਮੁੱਖ ਸੜਕ ’ਤੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ।


ਜ਼ਿਕਰਯੋਗ ਹੈ ਕਿ 8736 ਕੱਚਾ ਅਧਿਆਪਕ ਯੂਨੀਅਨ ਅਤੇ ਹੋਰ ਕੱਚਾ ਅਧਿਆਪਕਾਂ ਨੂੰ ਰੈਗੂਲਰ ਸਕੇਲ ’ਤੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਖਰਾਣਾ ਦੀ ਪਾਣੀ ਵਾਲੀ ਟੈਂਕੀ ’ਤੇ 83 ਦਿਨਾਂ ਤੋਂ ਬੈਠੇ ਅਧਿਆਪਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਅਧਿਆਪਕਾ ਮਨਪ੍ਰੀਤ ਕੌਰ ਵੱਲੋਂ ਸਕੂਲ ਵਿਚ ਬੱਚਿਆਂ ਨੂੰ ਨਾਅਰੇਬਾਜ਼ੀ ਕਰਨ ਦੇ ਦੋਸ਼ ਵਿਚ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦਾ ਮਨਪ੍ਰੀਤ ਕੌਰ ਨੇ ਵਿਭਾਗ ਨੂੰ ਕੋਈ ਜਵਾਬ ਨਹੀਂ ਦਿੱਤਾ। ਸਰਕਾਰ ਵੱਲੋਂ ਸਮੂਹ ਕੱਚੇ ਅਧਿਆਪਕਾਂ ਨੂੰ 28 ਜੁਲਾਈ ਨੂੰ ਤਨਖ਼ਾਹ ਵਾਧੇ ਅਤੇ ਰੈਗੂਲਰ ਕਰਨ ਸਬੰਧੀ ਪੱਤਰ ਦਿੱਤੇ ਜਾਣ ਦੇ ਬਾਵਜੂਦ ਮਨਪ੍ਰੀਤ ਕੌਰ ਨੂੰ ਪੱਤਰ ਨਹੀਂ ਦਿੱਤਾ ਗਿਆ।


ਸਿੱਖਿਆ ਪ੍ਰੋਵਾਈਡਰ ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਉਨ੍ਹਾਂ ਨੂੰ ਰੈਗੂਲਰ ਸਕੇਲ ਨਹੀਂ ਦਿੱਤਾ, ਸਿਰਫ਼ ਤਨਖ਼ਾਹਾਂ ’ਚ ਵਾਧੇ ਦੇ ਹੁਕਮ ਹੀ ਦਿੱਤੇ ਹਨ ਜਦਕਿ ਇੰਦਰਜੀਤ ਸਿੰਘ ਮਾਨਸਾ ਦੀ ਪਾਣੀ ਵਾਲੀ ਟੈਂਕੀ ’ਤੇ 83 ਦਿਨਾਂ ਤੋਂ ਡਟੇ ਹੋਏ ਹਨ ਅਤੇ ਹਨ। ਉਨ੍ਹਾਂ ਰੈਗੂਲਰ ਸਕੇਲ ’ਤੇ ਰੈਗੂਲਰ ਕਰਨ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੱਚੇ ਅਧਿਆਪਕ ਪੰਜਾਬ ਸਰਕਾਰ ਤੋਂ ਪੂਰੀ ਤਰ੍ਹਾਂ ਠੱਗੇ ਗਏ ਹਨ, ਉਨ੍ਹਾਂ ਨੂੰ ਜੋ ਹੁਕਮ ਦਿੱਤੇ ਗਏ ਹਨ, ਉਹ ਸਿਰਫ਼ ਤਨਖ਼ਾਹਾਂ ਵਧਾਉਣ ਦੇ ਪੱਤਰ ਹਨ। ਪੰਜਾਬ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਨਾ ਤਾਂ ਕੋਈ ਤਨਖ਼ਾਹ ਸਕੇਲ, ਨਾ ਕੋਈ ਭੱਤਾ ਅਤੇ ਨਾ ਹੀ ਸੀਐੱਸਆਰ ਦਿੱਤਾ।
ਧਰਨੇ ਦੌਰਾਨ ਜਥੇਬੰਦੀ ਨੇ ਮਨਪ੍ਰੀਤ ਕੌਰ ਨੂੰ ਆਦੇਸ਼ ਪੱਤਰ ਦੇਣ ਦੀ ਮੰਗ ਕੀਤੀ। ਮੌਕੇ ’ਤੇ ਪੁੱਜੇ ਐੱਸਡੀਐੱਮ ਨਵਰੀਤ ਕੌਰ ਅਤੇ ਐੱਸਪੀ ਪਲਵਿੰਦਰ ਸਿੰਘ ਚੀਮਾ ਨੇ ਜਥੇਬੰਦੀ ਦੇ ਵਫ਼ਦ ਨੂੰ 14 ਸਤੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਅਤੇ ਅਗਲੇ ਦਿਨਾਂ ਵਿਚ ਮਨਪ੍ਰੀਤ ਕੌਰ ਨੂੰ ਆਦੇਸ਼ ਪੱਤਰ ਦੇਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਕੱਚੇ ਅਧਿਆਪਕਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ।

error: Content is protected !!