ਨਸ਼ੇੜੀ ਪੁੱਤ ਪਰਿਵਾਰ ਨਾਲ ਕਰਦਾ ਸੀ ਕਲੇਸ਼, ਤੰਗ ਆਏ ਪਿਓ ਨੇ ਤੇਜ਼ਧਾਰ ਹਥਿਆਰ ਨਾਲ ਕਰ’ਤੀ ਹੱਤਿਆ

ਨਸ਼ੇੜੀ ਪੁੱਤ ਪਰਿਵਾਰ ਨਾਲ ਕਰਦਾ ਸੀ ਕਲੇਸ਼, ਤੰਗ ਆਏ ਪਿਓ ਨੇ ਤੇਜ਼ਧਾਰ ਹਥਿਆਰ ਨਾਲ ਕਰ’ਤੀ ਹੱਤਿਆ


ਵੀਓਪੀ ਬਿਊਰੋ, ਤਰਨਤਾਰਨ : ਨਸ਼ੇੜੀ ਪੁੱਤ ਦੇ ਨਿੱਤ ਦੇ ਕਲੇਸ਼ ਤੋਂ ਤੰਗ ਆਏ ਪਿਓ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਹੱਤਿਆ ਕਰ ਦਿੱਤੀ। ਇਹ ਮਾਮਲਾ ਪਿੰਡ ਪੰਡੋਰੀ ਗੋਲਾ ਦਾ ਹੈ।ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੀ ਮਾਂ ਦੇ ਬਿਆਨਾਂ ’ਤੇ ਪਿਤਾ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।ਪਿਤਾ ਪੰਜਾਬ ਹੋਮਗਾਰਡ ਵਿੱਚੋਂ ਸੇਵਾਮੁਕਤ ਹੋਇਆ ਹੈ।


ਅਮਰਜੀਤ ਕੌਰ ਵਾਸੀ ਪੰਡੋਰੀ ਗੋਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪਤੀ ਗੁਰਮੇਜ ਸਿੰਘ ਪੰਜਾਬ ਹੋਮਗਾਰਡ ਵਿੱਚੋਂ ਸਾਲ 2021 ’ਚ ਸੇਵਾਮੁਕਤ ਹੋਇਆ ਹੈ। ਉਸ ਦੇ ਤਿੰਨ ਪੁੱਤਰਾਂ ਵਿੱਚੋਂ ਵਿਚਕਾਰਲਾ ਸੁਖਰਾਜ ਸਿੰਘ ਰਾਜੂ (32) ਨਸ਼ੇ ਕਰਨ ਦਾ ਆਦੀ ਹੋ ਗਿਆ ਸੀ ਅਤੇ ਕੋਈ ਕੰਮ-ਕਾਰ ਵੀ ਨਹੀਂ ਸੀ ਕਰਦਾ ਬਲਕਿ ਨਸ਼ੇ ਦੀ ਹਾਲਤ ਵਿਚ ਉਸ ਨੂੰ ਤੇ ਉਸ ਦੇ ਪਤੀ ਸਮੇਤ ਬਾਕੀ ਪਰਿਵਾਰ ਨਾਲ ਝਗੜਾ ਤੇ ਗਾਲੀ-ਗਲੋਚ ਕਰਦਾ ਰਹਿੰਦਾ ਸੀ ਜਿਸ ਕਾਰਨ ਸਾਰਾ ਪਰਿਵਾਰ ਹੀ ਉਸ ਤੋਂ ਪਰੇਸ਼ਾਨ ਸੀ। ਉਸ ਨੇ ਦੱਸਿਆ ਕਿ ਐਤਵਾਰ ਰਾਤ ਉਨ੍ਹਾਂ ਦੇ ਰਿਸ਼ਤੇਦਾਰ ਨਿਰਵੈਲ ਸਿੰਘ ਦੇ ਘਰ ਧਾਰਮਿਕ ਪ੍ਰੋਗਰਾਮ ਦੌਰਾਨ ਲੰਗਰ ਦਾ ਪ੍ਰਬੰਧ ਸੀ ਜਿੱਥੇ ਉਸ ਦਾ ਪਤੀ ਤੇ ਪੁੱਤਰ ਰਾਜੂ ਲੰਗਰ ਛਕਣ ਗਏ ਸਨ। ਰਾਤ ਕਰੀਬ ਸਾਢੇ 9 ਵਜੇ ਉਹ ਆਪਣੇ ਘਰ ਵਿਚ ਮੌਜੂਦ ਸੀ ਤਾਂ ਗਲੀ ਵਿਚ ਰੌਲੇ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਈ ਤਾਂ ਉਸ ਦਾ ਪਤੀ ਗੁਰਮੇਜ ਸਿੰਘ ਤੇ ਲੜਕਾ ਸੁਖਰਾਜ ਸਿੰਘ ਰਾਜੂ ਝਗੜਾ ਕਰ ਰਹੇ ਸਨ। ਉਸ ਵੱਲੋਂ ਆਵਾਜ਼ ਦੇਣ ’ਤੇ ਉਸ ਦਾ ਪਤੀ ਰਾਜੂ ਨੂੰ ਛੱਡ ਕੇ ਪਰੇ ਚਲਾ ਗਿਆ ਜਦੋਂਕਿ ਲਹੂ-ਲੁਹਾਣ ਹੋਏ ਰਾਜੂ ਨੂੰ ਉਹ ਆਪਣੇ ਛੋਟੇ ਪੁੱਤਰ ਮਨਜੀਤ ਸਿੰਘ ਤੇ ਨੂੰਹ ਰਮਨਦੀਪ ਕੌਰ ਸਮੇਤ ਤਰਨਤਾਰਨ ਦੇ ਸਰਕਾਰੀ ਹਸਪਤਾਲ ਲੈ ਆਈ ਜਿਥੇ ਸੋਮਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ।


ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅਮਰਜੀਤ ਕੌਰ ਦੇ ਬਿਆਨ ਕਲਮਬੰਦ ਕਰ ਕੇ ਉਸ ਦੇ ਪਤੀ ਗੁਰਮੇਜ ਸਿੰਘ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!